ਟੀਚਿੰਗ ਫ਼ੈਲੋਜ਼ ਘੁਟਾਲੇ ਵਿੱਚ ਵਿਜੀਲੈਂਸ ਵਿਭਾਗ ਨੇ 3 ਕਲਰਕ ਕੀਤੇ ਗ੍ਰਿਫਤਾਰ
ਗੁਰਦਾਸਪੁਰ, 9 ਮਈ (ਬਾਬੂਸ਼ਾਹੀ)- ਸਿੱਖਿਆ ਵਿਭਾਗ ਵਿੱਚ 2009 ਵਿਚ ਹੋਏ ਟੀਚਿੰਗ ਫ਼ੈਲੋਜ਼ ਭਰਤੀ ਮਾਮਲੇ ਵਿਆਹ ਦੀਆਂ ਪਰਤਾਂ ਖੁੱਲ੍ਹਣ ਦੇ ਆਸਾਰ ਬਣਦੇ ਜਾ ਰਹੇ ਹਨ। ਅੱਜ ਸਵੇਰੇ ਮਾਮਲੇ ਵਿਚ ਵਿਜੀਲੈਂਸ ਵੱਲੋਂ ਸਿੱਖਿਆ ਵਿਭਾਗ ਨਾਲ ਸਬੰਧਤ ਜ਼ਿਲ੍ਹਾ ਗੁਰਦਾਸਪੁਰ ਦੇ ਤਿੰਨ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਮਚਾਰੀਆਂ ਵਿਚੋਂ ਇਕ ਰਿਟਾਇਰਡ ਕਲਰਕ ਹੈ ਜਦਕਿ ਦੋ ਮੌਜੂਦਾ ਕਲਰਕ ਗਰੇਡ ਦੇ ਕਰਮਚਾਰੀਆਂ ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ।
ਦੱਸ ਦਈਏ ਕਿ ਟੀਚਿੰਗ ਫ਼ੈਲੋਜ਼ ਘੁਟਾਲੇ ਦੀ ਜਾਂਚ ਵਿਜੀਲੈਂਸ ਵੱਲੋਂ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ 2019 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਚਾਰ ਸਾਲਾਂ ਤੋਂ ਇਸ ਜਾਂਚ ਦਾ ਕੋਈ ਨਤੀਜਾ ਨਾ ਨਿਕਲਣ ’ਤੇ ਬੀਤੇ ਦਿਨੀਂ ਹਾਈਕੋਰਟ ਤੋਂ ਫਟਕਾਰ ਲੱਗਣ ਤੋਂ ਬਾਅਦ ਵਿਜੀਲੈਂਸ ਵੱਲੋਂ ਇਸ ਕੰਮ ਵਿਚ ਤੇਜ਼ੀ ਲਿਆ ਦਿੱਤੀ ਗਈ ਅਤੇ ਵਿਭਾਗ ਦੇ ਕਈ ਕਰਮਚਾਰੀਆਂ ਨੂੰ ਮੁਹਾਲੀ ਦਫ਼ਤਰ ਵਿਖੇ ਤਲਬ ਕੀਤਾ ਗਿਆ ਸੀ। ਹੁਣ ਮੁਹਾਲੀ ਵਿੱਚ ਵਿਚ ਚੱਲ ਰਹੇ ਇਸ ਮਾਮਲੇ ਵਿੱਚ ਵਿਜੀਲੈਂਸ ਵਿਭਾਗ ਗੁਰਦਾਸਪੁਰ ਵੱਲੋਂ ਮਾਮਲੇ ਨਾਲ ਸੰਬਧਤ ਮੌਜੂਦਾ ਸਿੱਖਿਆ ਵਿਭਾਗ ਦੇ ਐਲੀਮੈਂਟਰੀ ਗੁਰਦਾਸਪੁਰ ਦੇ ਡੀਲਿੰਗ ਹੈਡ ਮਿੱਤਰ ਬਾਸੂ, ਹੈਡ ਕਲਰਕ ਨਰਿੰਦਰ ਸ਼ਰਮਾ ਅਤੇ ਇੱਕ ਰਿਟਾਇਰਡ ਕਲਰਕ ਰੈਂਕ ਦੇ ਹੀ ਕਰਮਚਾਰੀ ਧਰਮ ਪਾਲ ਦਾਸ ਨੂੰ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਵਿਜੀਲੈਂਸ ਵਿਭਾਗ ਦੇ ਐੱਸ ਪੀ ਵਰਿੰਦਰ ਸਿੰਘ ਨੇ ਇਨ੍ਹਾਂ ਗ੍ਰਿਫਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ ’ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਦੇ ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਵਿੱਚ ਹੋਰ ਵੀ ਕਈ ਗ੍ਰਿਫਤਾਰੀਆਂ ਹੋ ਸਕਦੀਆਂ ਹਨ।