ਟੈਟਨਸ ਟੀਕੇ ਨਾਲ ਦੂਸਰੇ ਦਿਨ ਵੀ ਵਿਦਿਅਰਥਣਾਂ ਦੀ ਹਾਲਤ ਗੰਭੀਰ, 10 ਹੋਰ ਵਿਦਿਆਰਥਣਾਂ ਇਲਾਜ ਲਈ ਹਸਪਤਾਲ ਲਿਆਂਦੀਆਂ
ਸਮਰਾਲਾ, 12 ਮਈ (ਬਾਬੂਸ਼ਾਹੀ)- ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਟੈਟਨੈੱਸ ਦਾ ਟੀਕਾਕਰਨ ਕੀਤਾ ਜਾ ਰਿਹਾ ਸੀ ਤਾਂ 12 ਵਿਦਿਆਰਥਣਾਂ ਦੀ ਹਾਲਤ ਵਿਗੜ ਗਈ ਸੀ ਅਤੇ ਅੱਜ 10 ਹੋਰ ਵਿਦਿਆਰਥਣਾਂ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਵਿਦਿਆਰਥਣਾਂ ਸਕੂਲ ਆਈਆਂ ਜਿਨ੍ਹਾਂ ਦੇ ਕੱਲ੍ਹ ਟੀਕਾ ਲੱਗਿਆ ਸੀ ਉਨ੍ਹਾਂ ’ਚੋਂ 10 ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਚੱਕਰ ਤੇ ਘਬਰਾਹਟ ਹੋਣ ਲੱਗ ਪਈ। ਸਕੂਲ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਇਸ ਤੋਂ ਇਲਾਵਾ ਜਿਹੜੀਆਂ ਕੱਲ੍ਹ 12 ਵਿਦਿਆਰਥਣਾਂ ਬੀਮਾਰ ਹੋਈਆਂ ਸਨ ਉਨ੍ਹਾਂ ’ਚੋਂ ਕੁਝ ਦੀ ਹਾਲਤ ਨੂੰ ਠੀਕ ਦੇਖਦਿਆਂ ਛੁੱਟੀ ਦੇ ਦਿੱਤੀ ਗਈ ਸੀ ਪਰ ਘਰ ਜਾ ਕੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਰਾਤ ਸਮੇਂ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਅੱਜ ਜਿਹੜੀਆਂ ਵਿਦਿਆਰਥਣਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਉਨ੍ਹਾਂ ’ਚ ਤਨਿਸ਼ਾ ਮਾਛੀਵਾਡ਼ਾ, ਜਸਪ੍ਰੀਤ ਕੌਰ ਸ਼ੇਰੀਆਂ, ਅੰਜਲੀ, ਹਰਮਨ ਕੌਰ ਸਤਿਆਣਾ, ਜਸ਼ਨ ਕੌਰ ਪਵਾਤ, ਮਨਪ੍ਰੀਤ ਕੌਰ ਇੰਦਰਾ ਕਾਲੋਨੀ, ਮੀਨੂੰ ਘੁਮਾਣਾ, ਮੁਸਕਾਨ ਮਾਛੀਵਾਡ਼ਾ, ਰੇਸ਼ਮਾ ਗੜੀ ਬੇਟ ਅਤੇ ਜੋਤੀ ਨੂਰਪੁਰ ਸ਼ਾਮਲ ਹਨ। ਇਸ ਤੋਂ ਇਲਾਵਾ 4 ਵਿਦਿਆਰਥਣਾਂ ਪਰਵਿੰਦਰ ਕੌਰ ਇੰਦਰਾ ਕਾਲੋਨੀ, ਅਨਮੋਲ, ਪਰਵਿੰਦਰ ਕੌਰ ਨੂੰ ਡਾਕਟਰ ਵਲੋਂ ਨਾਜ਼ੁਕ ਹਾਲਤ ਦੇਖਦਿਆਂ ਸਮਰਾਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ। ਸਰਕਾਰੀ ਕੰਨਿਆ ਸਕੂਲ ਵਿਚ ਟੀਕਾਕਰਨ ਤੋਂ ਬਾਅਦ ਵਿਦਿਆਰਥਣਾਂ ਦੀ ਵਿਗਡ਼ੀ ਹਾਲਤ ਕਾਰਨ ਬਾਕੀ ਲੜਕੀਆਂ ਵਿਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਮਾਪੇ ਵੀ ਪ੍ਰੇਸ਼ਾਨ ਹਨ।