ਟੋਲ ਪਲਾਜ਼ਾ ਬੰਦ ਕਰਨ ਦੇ ਖਿਲਾਫ ਹਾਈਕੋਰਟ ਪਹੁੰਚੀ NHAI, HC ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ
ਚੰਡੀਗੜ੍ਹ, 1 ਜੁਲਾਈ (ਪੀਟੀਸੀ ਨਿਊਜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਐਨਐਚਏਆਈ ਦੀ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਹੈ। ਦੱਸ ਦਈਏ ਕਿ ਐਨਐਚਏਆਈ ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਸਣੇ ਚਾਰ ਟੋਲ ਪਲਾਜ਼ਾ ਦੇ ਬੰਦ ਕਰਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਫਿਲਹਾਲ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ।
ਐਨਐਚਏਆਈ ਨੇ ਹਾਈਕੋਰਟ ’ਚ ਦਾਇਰ ਕੀਤੀ ਪਟੀਸ਼ਨ
ਆਪਣੀ ਪਟੀਸ਼ਨ ’ਚ ਐਨਐਚਏਆਈ ਨੇ ਕਿਹਾ ਕਿ ਵਾਰ ਵਾਰ ਟੋਲ ਪਲਾਜ਼ਾ ’ਤੇ ਕਬਜ਼ਾ ਕਰਕੇ ਬੰਦ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦੇ ਮੰਤਰੀ ਵੀ ਇਸ ਪ੍ਰਦਰਸ਼ਨ ’ਚ ਸ਼ਾਮਲ ਹਨ। ਇਸ ਤਰ੍ਹਾਂ ਟੋਲ ਬੰਦ ਕਰਕੇ ਨਾ ਸਿਰਫ਼ ਕਾਨੂੰਨ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਬਲਕਿ ਇਸ ਨਾਲ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
ਪਟੀਸ਼ਨ ’ਚ ਐਨਐਚਏਆਈ ਨੇ ਕਹੀਆਂ ਇਹ ਗੱਲ੍ਹਾਂ
ਐਨਐਚਏਆਈ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਕਿਹਾ ਕਿ ਉਨ੍ਹਾਂ ਦੇ ਵੱਲੋਂ ਇਨ੍ਹਾਂ ਟੋਲ ’ਤੇ ਟਰੈਕਟਰ ਟਰਾਲੀ ਪਹਿਲਾਂ ਹੀ ਮੁਫਤ ਹਨ ਇਸਦੇ ਬਾਵਜੁਦ ਇਸ ਨੂੰ ਮੁੱਦਾ ਬਣਾਇਆ ਗਿਆ ਹੈ। ਦੱਸ ਦਈਏ ਕਿ ਜੋ ਟੋਲ ਬੰਦ ਕੀਤੇ ਗਏ ਹਨ ਉਨ੍ਹਾਂ ’ਚ ਲਾਡੋਵਾਲ ਸਣੇ ਅੰਮ੍ਰਿਤਸਰ ਦਾ ਉਸਮਾ, ਜਲੰਧਰ ਦਾ ਚੱਕ ਬਹਨਿਆ ਅਤੇ ਅੰਬਾਲਾ ਦਾ ਘੱਗਰ ਟੋਲ ਸ਼ਾਮਲ ਹੈ। ਜਿਨ੍ਹਾਂ ਨੂੰ ਪ੍ਰਦਰਸਨਕਾਰੀਆਂ ਨੇ ਬੰਦ ਕੀਤਾ ਹੋਇਆ ਹੈ।
113 ਕਰੋੜ ਦਾ ਹੋਇਆ ਨੁਕਸਾਨ- ਐਨਐਚਆਈਏ
ਐਨਐਚਏਆਈ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਨਾਲ 113 ਕਰੋੜ ਨੂੰ ਨੁਕਸਾਨ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨਕਾਰੀਆਂ ਦੁਆਰਾ ਟੋਲ ਬੰਦ ਕੀਤੇ ਜਾਣ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਗਈ ਸੀ।
ਕਿਸਾਨਾਂ ਨੇ ਟੋਲ ਪਲਾਜ਼ਾ ’ਤੇ ਲਾਇਆ ਹੈ ਧਰਨਾ
ਕਾਬਿਲੇਗੌਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ’ਤੇ ਧਰਨਾ ਲਗਾਇਆ ਹੋਇਆ ਹੈ। ਕਿਸਾਨਾਂ ਨੇ ਵਧੇ ਹੋਏ ਟੋਲ ਰੇਟਾਂ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਬੀਤੇ ਦਿਨ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਪੱਕਾ ਤਾਲਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਲੋਕ ਫ੍ਰੀ ’ਚ ਟੋਲ ਪਲਾਜ਼ਾ ਚੋਂ ਲੰਘ ਰਹੇ ਹਨ।