ਡਾਕ ਵਿਭਾਗ ਵੱਲੋਂ 9 ਤੋਂ 13 ਅਕਤੂਬਰ 2023 ਤੱਕ ਮਨਾਇਆ ਜਾਵੇਗਾ ਰਾਸ਼ਟਰੀ ਡਾਕ ਹਫਤਾ
ਫ਼ਰੀਦਕੋਟ 9 ਅਕਤੂਬਰ (ਪੰਜਾਬ ਡਾਇਰੀ)- ਚੀਫ ਪੋਸਟਮਾਸਟਰ ਜਨਰਲ ਪੰਜਾਬ ਅਤੇ ਯੂ ਟੀ ਚੰਡੀਗੜ੍ਹ ਸ਼੍ਰੀ ਵੀ.ਕੇ. ਗੁਪਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਡਾਕ ਵਿਭਾਗ 9 ਅਕਤੂਬਰ, 2023 ਤੋਂ 13 ਅਕਤੂਬਰ, 2023 ਤੱਕ ਰਾਸ਼ਟਰੀ ਡਾਕ ਹਫਤਾ ਮਨਾਉਣ ਜਾ ਰਿਹਾ ਹੈ। ਰਾਸ਼ਟਰੀ ਡਾਕ ਹਫਤਾ ਹਰ ਸਾਲ 9 ਅਕਤੂਬਰ ਨੂੰ ਵਿਸ਼ਵ ਡਾਕ ਦਿਵਸ ਨਾਲ ਸ਼ੁਰੂ ਹੁੰਦਾ ਹੈ, ਜੋ ਕਿ 9 ਅਕਤੂਬਰ, 1874 ਨੂੰ ਯੂਨੀਵਰਸਲ ਪੋਸਟਲ ਯੂਨੀਅਨ ਦੀ ਸਥਾਪਨਾ ਦੀ ਵਰ੍ਹੇਗੰਢ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵਿਸ਼ਵ ਡਾਕ ਦਿਵਸ ਦਾ ਥੀਮ ਭਰੋਸੇ ਲਈ ਇਕੱਠੇ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਪੋਸਟਲ ਸਰਕਲ ਵੱਲੋਂ ਰਾਸ਼ਟਰੀ ਡਾਕ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆ ਦੀ ਯੋਜਨਾ ਬਣਾਈ ਗਈ ਹੈ। ਜਿਸ ਤਹਿਤ 10 ਅਕਤੂਬਰ, 2023 ਨੂੰ ਵਿਤੀ ਸਸ਼ਕਤੀਕਰਨ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਪੰਜਾਬ ਸਰਕਲ ਵਿੱਚ ਹਰੇਕ ਡਾਕ ਮੰਡਲ ਦੁਆਰਾ ਡਾਕ ਚੌਪਾਲ (ਡਾਕ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ) ਦਾ ਆਯੋਜਨ ਕੀਤਾ ਜਾਵੇਗਾ। ਡਾਕ ਚੌਪਾਲ ਇੱਕ ਵਿਆਪਕ ਕਮਿਊਨਿਟੀ ਪ੍ਰੋਗਰਾਮ ਹੈ ਜਿਸ ਰਾਹੀਂ ਲੋਕਾਂ ਨੂੰ ਇੱਕ ਹੀ ਕੈਂਪ ਵਿੱਚ ਵੱਖ-ਵੱਖ ਡਾਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਾਕ ਚੌਪਾਲ ਵਿੱਚ, ਲੋਕਾਂ ਨੂੰ ਸੇਵਿੰਗ ਬੈਂਕ ਖਾਤੇ, ਸੁਕੰਨਿਆ ਸਮ੍ਰਿਧੀ ਖਾਤੇ, ਮਹਿਲਾ ਸਨਮਾਨ ਸਰਟੀਫਿਕੇਟ, ਡਾਕ ਜੀਵਨ ਬੀਮਾ ਪਾਲਿਸੀਆਂ ਦੀ ਖਰੀਦ ਅਤੇ ਆਧਾਰ ਨਾਮਾਂਕਣ ਅਤੇ ਅੱਪਡੇਟ ਕਰਨ ਲਈ ਸਹੂਲਤ ਦਿੱਤੀ ਜਾਵੇਗੀ। ਇਹ ਸਾਰੀਆਂ ਸਹੂਲਤਾਂ ਅਤੇ ਸੇਵਾਵਾ ਪੇਂਡੂ/ਦੂਰ ਦੁਰਾਡੇ ਦੇ ਖੇਤਰ ਵਿੱਚ ਇੱਕ ਛੱਤਰੀ ਹੇਠ ਪ੍ਰਦਾਨ ਕੀਤੀਆਂ ਜਾਣਗੀਆਂ।
ਇਸੇ ਤਰ੍ਹਾਂ 11 ਅਕਤੂਬਰ, 2023 ਨੂੰ ਫਿਲਾਟਲੀ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ “ਨਵੇਂ ਭਾਰਤ ਲਈ ਡਿਜੀਟਲ ਇੰਡੀਆ’ ਵਿਸ਼ੇ ‘ਤੇ ਸਕੂਲਾਂ ਵਿੱਚ ਸੈਮੀਨਾਰ ਅਤੇ ਕੁਇਜ਼ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। 12 ਅਕਤੂਬਰ, 2023 ਨੂੰ ਮੇਲ ਅਤੇ ਪਾਰਸਲ ਦਿਵਸ ਵਜੋਂ ਮਨਾਇਆ ਜਾਵੇਗਾ। ਥੋਕ ਅਤੇ ਪ੍ਰਚੂਨ ਗਾਹਕਾਂ ਲਈ ਗਾਹਕ ਮੀਟਿੰਗਾਂ ਪੰਜਾਬ ਰਾਜ ਅਤੇ ਯੂਟੀ ਚੰਡੀਗੜ੍ਹ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ। ਗਾਹਕਾਂ ਨੂੰ ਵਿਭਾਗ ਦੀਆਂ ਵੱਖ- ਵੱਖ ਪਾਰਸਲ ਅਤੇ ਮੇਲ ਸੇਵਾਵਾਂ ਦੇ ਤਹਿਤ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਬਾਰੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਥੋਕ ਗਾਹਕਾਂ ਲਈ ਪਾਰਸਲ ਟਰੈਕਰ ਦੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਐਂਡ ਟੂ ਐਂਡ ਟ੍ਰੈਕਿੰਗ, ਡਿਲੀਵਰੀ ਦੀ ਸੰਭਾਵਿਤ ਮਿਤੀ, ਰਿਟਰਨ ਪਿਕਅੱਪ, ਸੀ ਓ ਡੀ ਸਹੂਲਤ, ਕਲਿੱਕ ਅਤੇ ਬੁੱਕ ਸੇਵਾ, ਓ ਟੀ ਪੀ ਆਧਾਰਿਤ ਡਿਲੀਵਰੀ ਆਦਿ।
ਉਨ੍ਹਾਂ ਦੱਸਿਆ ਕਿ 13 ਅਕਤੂਬਰ, 2023 ਨੂੰ “ਅੰਤਯੋਦਿਆ ਦਿਵਸ ਵਜੋਂ ਮਨਾਇਆ ਜਾਵੇਗਾ। ਆਧਾਰ ਨਾਮਾਂਕਣ ਅਤੇ ਅੱਪਡੇਟ ਕਰਨ ਲਈ ਪੇਂਡੂ/ਦੁਰਾਡੇ ਖੇਤਰਾਂ ਅਤੇ ਸ਼ਹਿਰੀ ਝੁੱਗੀਆਂ ਵਿੱਚ ਵੀ ਜਾਗਰੂਕਤਾ ਕੈਂਪ ਲਗਾਏ ਜਾਣਗੇ। ਲੋਕਾਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਜਿਵੇਂ ਕਿ ਜਨ ਸੁਰੱਖਿਆ ਸਕੀਮਾਂ, ਆਧਾਰ ਯੋਗ ਭੁਗਤਾਨ ਸੇਵਾ, ਸਮਾਜਿਕ ਸੁਰੱਖਿਆ ਪੈਨਸ਼ਨ, ਸਿੱਧੇ ਲਾਭ ਟ੍ਰਾਂਸਫਰ ਆਦਿ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਸ਼੍ਰੀ ਵੀ.ਕੇ. ਗੁਪਤਾ ਨੇ ਇਹ ਵੀ ਦੱਸਿਆ ਕਿ ਪੰਜਾਬ ਡਾਕ ਸਰਕਲ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਆਪਣੀ ਪਛਾਣ ਬਣਾਉਣ ਲਈ ਲਗਾਤਾਰ ਵੱਖ-ਵੱਖ ਕਦਮ ਚੁੱਕ ਰਿਹਾ ਹੈ। ਵਿਭਾਗ ਨੂੰ ਨਿਰਵਿਘਨ ਅਤੇ ਭਰੋਸੇਮੰਦ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ, ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ 83 ਮੇਲ ਵਾਹਨਾਂ ਦੇ ਨਾਲ ਪੰਜਾਬ ਦੇ ਅੰਦਰ ਦਿਨ-ਰਾਤ ਚੱਲਦੇ ਹੋਏ ਅਤੇ ਪੰਜਾਬ ਨੂੰ ਦਿੱਲੀ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲ ਜੋੜਦੇ ਹੋਏ ਇੱਕ ਵਿਆਪਕ ਰੋਡ ਟ੍ਰਾਂਸਪੋਰਟ ਨੈਟਵਰਕ ਵਿਕਸਿਤ ਕੀਤਾ ਗਿਆ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਡਾਕਘਰਾਂ ਵਿੱਚ ਬੁੱਕ ਕੀਤੇ ਅੰਤਰਰਾਸ਼ਟਰੀ ਆਰਟੀਕਲ ਦੀ ਢੋਆ-ਢੁਆਈ ਲਈ ਲੁਧਿਆਣਾ ਤੋਂ ਦਿੱਲੀ ਵਿਦੇਸ਼ੀ ਡਾਕ ਲਈ ਰੋਜ਼ਾਨਾ ਵਿਸ਼ੇਸ਼ ਡਾਕ ਵਾਹਨ ਸ਼ੁਰੂ ਕੀਤਾ ਗਿਆ ਹੈ। ਇਹਨਾਂ ਪਹਿਲਕਦਮੀਆਂ ਦੇ ਨਤੀਜੇ ਵਜੋਂ, ਪੰਜਾਬ ਸਰਕਲ ਵਿੱਚ ਅੰਤਰਰਾਸ਼ਟਰੀ ਡਾਕ ਦੇ ਮਾਲੀਏ ਵਿੱਚ 67% ਦਾ ਸ਼ਾਨਦਾਰ ਵਾਧਾ ਹੋਇਆ ਹੈ ਜੋ ਸ਼ਾਇਦ ਦੇਸ਼ ਵਿੱਚ ਸਭ ਤੋਂ ਵੱਧ ਹੈ। ਪੰਜਾਬ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਡਾਕਘਰਾਂ ਵਿੱਚ ਜਨਤਕ ਮੰਗ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਸਤੂਆਂ ਲਈ ਆਕਰਸ਼ਕ ਪੈਕੇਜਿੰਗ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਰੱਖੜੀ ਦੇ ਸੀਜ਼ਨ ਦੌਰਾਨ, ਪੰਜਾਬ ਪੋਸਟਲ ਸਰਕਲ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਰੱਖੜੀਆਂ ਦੇ ਸੁਰੱਖਿਅਤ ਭੇਜਣ ਲਈ ਵਿਸ਼ੇਸ਼ ਰਾਖੀ ਲਿਫ਼ਾਫ਼ੇ ਅਤੇ ਉੱਥੇ ਤਿਆਰ ਕੀਤੇ ਅਤੇ ਸਪਲਾਈ ਕੀਤੇ। ਇਸ ਪਹਿਲਕਦਮੀ ਦੇ ਨਤੀਜੇ ਵਜੋਂ, ਪੰਜਾਬ ਸਰਕਲ ਵਿੱਚ 1.35 ਲੱਖ ਤੋਂ ਵੱਧ ਰੱਖੜੀ ਦੇ ਲਿਫਾਫੇ ਅਤੇ ਡੱਬੇ ਵੇਚੇ ਗਏ ਅਤੇ ਸਰਕਲ ਨੂੰ ਰਾਖੀ ਮੇਲ ਦੀ ਬੁਕਿੰਗ ਤੋਂ ਲਗਭਗ 6 ਕਰੋੜ ਰੁਪਏ ਦੀ ਵਾਧੂ ਆਮਦਨ ਹੋਈ। ਇਸ ਦੇ ਨਾਲ ਹੀ ਸਰਕਲ ਵੱਲੋਂ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਰੱਖੜੀ ਦੀ ਜਲਦੀ ਡਿਲੀਵਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਡਾਕਘਰਾਂ ਵਿੱਚ ਆਧਾਰ ਨਾਮਾਂਕਣ ਅਤੇ ਅੱਪਡੇਟ ਕਰਨ ਲਈ 498 ਆਧਾਰ ਕੇਂਦਰ ਬਣਾਏ ਗਏ ਹਨ। 22 ਡਾਕ ਨਿਰਯਾਤ ਕੇਂਦਰ ਨਿਰਯਾਤਕਾਂ ਨੂੰ ਆਪਣੇ ਆਰਟੀਕਲ ਬੁੱਕ ਕਰਨ ਅਤੇ ਡਾਕਘਰ ਵਿੱਚ ਇੱਕ ਹੀ ਕਾਊਂਟਰ ਤੋਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਲਈ ਸਿੰਗਲ ਵਿੰਡੋ ਦੀ ਸਹੂਲਤ ਪ੍ਰਦਾਨ ਕਰਨ ਲਈ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ 09 ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ 5 ਮਹੀਨਿਆਂ ਦੇ ਅਰਸੇ ਵਿੱਚ ਅਪ੍ਰੈਲ 2023 ਤੋਂ ਅਗਸਤ 2023 ਤੱਕ 51000 ਤੋਂ ਵੱਧ ਪਾਸਪੋਰਟ ਅਰਜ਼ੀਆਂ ‘ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਸਤ, 2023 ਵਿੱਚ ‘ਹਰ ਘਰ ਤਿਰੰਗਾ’ ਮੁਹਿੰਮ ਦੌਰਾਨ ਪੰਜਾਬ ਡਾਕ ਮੰਡਲ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ 2.5 ਲੱਖ ਝੰਡੇ ਵੰਡੇ। ਪੰਜਾਬ ਪੋਸਟਲ ਸਰਕਲ ਦੇ ਲਗਭਗ 68 ਲੱਖ ਲਾਈਵ ਪੀ ਓ ਐਸ ਬੀ ਖਾਤੇ ਹਨ ਜਿਨ੍ਹਾਂ ਵਿੱਚੋਂ 7.37 ਲੱਖ ਸੁਕੰਨਿਆ ਸਮ੍ਰਿਧੀ ਯੋਜਨਾ ਖਾਤੇ, 1.02 ਲੱਖ ਡਾਕ ਜੀਵਨ ਬੀਮਾ ਪਾਲਿਸੀਆਂ ਅਤੇ 3.34 ਲੱਖ ਗ੍ਰਾਮੀਣ ਡਾਕ ਜੀਵਨ ਬੀਮਾ ਪਾਲਿਸੀਆਂ ਹਨ।
ਸ਼੍ਰੀ ਵੀ.ਕੇ. ਗੁਪਤਾ ਨੇ ਕਿਹਾ ਕਿ ਇਸ ਆਧੁਨਿਕ ਯੁੱਗ ਵਿੱਚ ਡਾਕ ਸਹੂਲਤਾਂ ਸਿਰਫ਼ ਡਾਕ ਸੇਵਾਵਾਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਭਾਰਤੀ ਡਾਕ ਨਾਗਰਿਕਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਛੂਹ ਰਹੀ ਹੈ। ਡਾਕਘਰ ਲੋਕਾਂ ਦੀਆਂ ਸਾਰੀਆਂ ਕਿਸਮਾਂ ਦੀਆਂ ਜਰੂਰਤਾਂ ਲਈ ਇੱਕ ਸਿੰਗਲ ਸਟਾਪ ਹੱਲ ਵਜੋਂ ਅਤੇ ਸਰਕਾਰ ਦੀਆਂ ਡੀ ਬੀ ਟੀ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਲਈ ਇੱਕ ਵੰਡ ਚੈਨਲ ਵਜੋਂ ਮਾਣ ਨਾਲ ਉਭਰਿਆ ਹੈ।