ਚੰਡੀਗੜ, 31 ਮਈ – ( ਪੰਜਾਬ ਡਾਇਰੀ ) ਡਾ. ਸੁਭਾਸ਼ ਚੰਦਰਾ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ ਡਾ. ਸੁਭਾਸ਼ ਚੰਦਰਾ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ। ਦੱਸ ਦੇਈਏ ਕਿ ਹਰਿਆਣਾ ਤੋਂ ਆਜ਼ਾਦ ਰਾਜ ਸਭਾ ਮੈਂਬਰ ਡਾਕਟਰ ਸੁਭਾਸ਼ ਚੰਦਰਾ ਰਾਜਸਥਾਨ ਤੋਂ ਭਾਜਪਾ ਸਮਰਥਿਤ ਉਮੀਦਵਾਰ ਹੋਣਗੇ।
ਡਾ. ਸੁਭਾਸ਼ ਚੰਦਰਾ ਇਸ ਸਮੇਂ ਹਰਿਆਣਾ ਤੋਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਦਾ ਕਾਰਜਕਾਲ 1 ਅਗਸਤ 2022 ਨੂੰ ਖਤਮ ਹੋਣ ਜਾ ਰਿਹਾ ਹੈ। ਨਾਮਜ਼ਦਗੀ ਭਰਨ ਤੋਂ ਪਹਿਲਾਂ ਸੁਭਾਸ਼ ਚੰਦਰਾ ਨੇ ਵਿਧਾਨ ਸਭਾ ਦੀ ਲਾਬੀ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਸੁੰਧਰਾ ਰਾਜੇ ਤੋਂ ਇਲਾਵਾ ਭਾਜਪਾ ਦੇ ਸੂਬਾ ਇੰਚਾਰਜ ਅਰੁਣ ਸਿੰਘ, ਰਾਜਸਥਾਨ ਭਾਜਪਾ ਪ੍ਰਧਾਨ ਸਤੀਸ਼ ਪੂਨੀਆ, ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ, ਵਿਰੋਧੀ ਧਿਰ ਦੇ ਉਪ ਨੇਤਾ ਰਾਜੇਂਦਰ ਰਾਠੌੜ ਨਾਲ ਰਣਨੀਤੀ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਡਾ. ਚੰਦਰਾ ਨੇ ਵਿਧਾਨ ਸਭਾ ‘ਚ ਭਾਜਪਾ ਵਿਧਾਇਕਾਂ ਨਾਲ ਵੀ ਮੁਲਾਕਾਤ ਕੀਤੀ।
ਕਾਂਗਰਸ ਨੇ 10 ਜੂਨ ਨੂੰ ਹੋਣ ਵਾਲੀਆਂ ਰਾਜਸਥਾਨ ਦੀਆਂ ਚਾਰ ਰਾਜ ਸਭਾ ਸੀਟਾਂ ਲਈ ਮੁਕੁਲ ਵਾਸਨਿਕ, ਪ੍ਰਮੋਦ ਤਿਵਾੜੀ ਅਤੇ ਰਣਦੀਪ ਸਿੰਘ ਸੂਰਜੇਵਾਲਾ ਨੂੰ ਆਪਣੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੰਤਰੀ ਘਨਸ਼ਿਆਮ ਤਿਵਾੜੀ ਨੂੰ ਮੈਦਾਨ ‘ਚ ਉਤਾਰਿਆ ਹੈ।
ਦੱਸ ਦੇਈਏ ਕਿ 15 ਰਾਜਾਂ ਦੀਆਂ 57 ਰਾਜ ਸਭਾ ਸੀਟਾਂ ਲਈ 10 ਜੂਨ ਨੂੰ ਚੋਣਾਂ ਹੋਣੀਆਂ ਹਨ। ਇਸ ਵਿੱਚ ਸਭ ਤੋਂ ਵੱਧ ਸੀਟਾਂ ਉੱਤਰ ਪ੍ਰਦੇਸ਼ ਦੀਆਂ ਹਨ, ਜਿੱਥੇ 11 ਸੀਟਾਂ ਲਈ ਚੋਣਾਂ ਹੋਣੀਆਂ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਅਤੇ ਤਾਮਿਲਨਾਡੂ ਦੀਆਂ 6-6 ਸੀਟਾਂ ‘ਤੇ ਜਦੋਂਕਿ ਬਿਹਾਰ ਦੀਆਂ 5 ਸੀਟਾਂ ‘ਤੇ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਰਾਜਸਥਾਨ ਵਿਚ 4-4, ਉੜੀਸਾ ਅਤੇ ਮੱਧ ਪ੍ਰਦੇਸ਼ ਵਿਚ 3-3, ਝਾਰਖੰਡ, ਛੱਤੀਸਗੜ੍ਹ, ਤੇਲੰਗਾਨਾ, ਹਰਿਆਣਾ ਅਤੇ ਪੰਜਾਬ ਵਿਚ 2-2 ਅਤੇ ਉਤਰਾਖੰਡ ਵਿਚ ਇਕ ਸੀਟ ‘ਤੇ ਚੋਣਾਂ ਹੋਣੀਆਂ ਹਨ।