ਡਿਪਟੀ ਕਮਿਸ਼ਨਰ ਵੱਲੋਂ ਸਿਹਤ ਪ੍ਰੋਗਰਾਮਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਦੇ ਆਦੇਸ਼
* ਜਿਲਾ ਸਿਹਤ ਸੁਸਾਇਟੀ ਦੀ ਮੀਟਿਗ ਦੌਰਾਨ ਵੱਖ ਵੱਖ ਸਿਹਤ ਸਕੀਮਾਂ ਦੀ ਕੀਤੀ ਗਈ ਸਮੀਖਿਆ
ਫਰੀਦਕੋਟ, 1 ਜੂਨ (ਪੰਜਾਬ ਡਾਇਰੀ)- ਜਿਲਾ ਸਿਹਤ ਸੁਸਾਇਟੀ ਦੀ ਮੀਟਿੰਗ ਸਥਾਨਕ ਅਸ਼ੋਕਾ ਚੱਕਰ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ. ਰਾਜਪਾਲ ਸਿੰਘ, ਐਸ.ਡੀ.ਐਮ ਮੈਡਮ ਬਲਜੀਤ ਕੌਰ, ਸਿਹਤ ਵਿਭਾਗ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸਿਹਤ ਸਹੂਲਤਾਂ ਲੈਣ ਵਾਲੇ ਮਰੀਜਾਂ ਨੂੰ ਸਿਹਤ ਸਬੰਧੀ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਮਰੀਜਾਂ ਤੇ ਉਨ੍ਹਾਂ ਦੇ ਵਾਰਸਾਂ ਦੇ ਨਾਲ ਹਮਦਰਦੀ ਤੇ ਮਿਲਵਰਤਣ ਵਾਲਾ ਵਤੀਰਾ ਅਪਣਾਇਆ ਜਾਵੇ ਤਾਂ ਜੋ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਹਦਾਇਤ ਕੀਤੀ ਕਿ ਫੂਡ ਸੇਫਟੀ ਦੀਆਂ ਟੀਮਾਂ ਸਮੇਂ ਸਮੇਂ ਤੇ ਚੈਕਿੰਗ ਕਰਨ ਤਾਂ ਜੋ ਲੋਕਾਂ ਨੂੰ ਸ਼ੁੱਧ ਤੇ ਮਿਆਰੀ ਖਾਦ ਪਦਾਰਥ ਮਿਲਣ। ਇਸ ਮੌਕੇ ਉਨ੍ਹਾਂ ਬਾਇਓ ਮੈਡੀਕਲ ਵੇਸਟ ਦੇ ਕੀਤੇ ਜਾਂਦੇ ਨਿਪਟਾਰੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨਾਂ ਜਨਨੀ ਸੁਰੱਖਿਆ ਯੋਜਨਾ, ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿੱਚ ਮਰੀਜਾਂ ਦੇ ਇਲਾਜ, ਓਟ ਸੈਂਟਰਾਂ, ਫੂਡ ਸੇਫਟੀ, ਤੰਬਾਕੂਨੋਸ਼ੀ, ਸਕੂਲ ਸਿਹਤ ਪ੍ਰੋਗਰਾਮ, ਆਂਗਣਵਾੜੀ ਕੇਂਦਰਾਂ ਦੀ ਜਾਂਚ, ਰਾਸ਼ਟਰੀ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ, ਰਾਸ਼ਟਰੀ ਬਲਾਈਡਨੈਂਸ ਪ੍ਰੋਗਰਾਮ, ਰਾਸ਼ਟਰੀ ਟੀ.ਬੀ. ਕੰਟਰੋਲ ਪ੍ਰੋਗਰਾਮ, ਮੋਬਾਇਲ ਮੈਡੀਕਲ ਯੂਨਿਟ, ਜਨੇਪਾ, ਲਿੰਗ ਅਨੁਪਾਤ, ਮੈਟਰਨਲ ਡੈੱਥ ਆਦਿ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਸਿਵਲ ਸਰਜਨ ਸ੍ਰੀ ਅਨਿਲ ਕੁਮਾਰ ਗੋਇਲ ਨੇ ਡਿਪਟੀ ਕਮਿਸ਼ਨਰ ਨੂੰ ਜਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਤੇ ਸਿਹਤ ਕੇਂਦਰਾਂ ਦੇ ਵਿੱਚ ਆਉਣ ਵਾਲੇ ਮਰੀਜਾਂ ਨੂੰ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਜਿਲ੍ਹੇ ਵਿੱਚ ਚੱਲ ਰਹੇ ਓਟ ਸੈਂਟਰਾਂ ਅਤੇ ਨਸ਼ਾ ਛੁਡਾਓ ਕੇਂਦਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੀਟਿੰਗ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ, ਸਹਾਇਕ ਸਿਵਲ ਸਰਜਨ ਡਾ. ਮਨਦੀਪ ਕੌਰ ਸਮੇਤ ਜਿਲਾ ਸਿਹਤ ਸੁਸਾਇਟੀ ਦੇ ਮੈਂਬਰ ਤੇ ਡਾਕਟਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।