ਡੀ.ਐਸ.ਪੀ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਸਬੰਧੀ ਮੀਟਿੰਗ ਹੋਈ
ਫਰੀਦਕੋਟ, 2 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਬ੍ਰਿਜਿੰਦਰਾ ਕਾਲਜ ਇਕਾਈ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ 4 ਅਕਤੂਬਰ ਨੂੰ ਸ੍ਰੀ ਮੁਕਤਸਰ ਵਿਖੇ ਡੀ.ਐਸ.ਪੀ ਦਫ਼ਤਰ ਅੱਗੇ ਲੱਗ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਸਕੱਤਰ ਹਰਵੀਰ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਲਗਾਤਾਰ ਲ਼ੋਕ ਵਿਰੋਧੀ ਤਾਕਤਾਂ ਸੰਘਰਸ਼ ਕਰ ਰਹੇ ਲੋਕਾਂ ਨੂੰ ਦਬਾਉਣ ਲਈ ਸਾਜਿਸ਼ਾਂ ਕਰਦੀਆਂ ਰਹਿੰਦੀਆਂ ਹਨ। ਏਸੇ ਲੀਹ ਉਪਰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸਨ ਕਾਲਜ ਚਲ ਰਿਹਾ ਹੈ। ਬੀਤੀ 14 ਸਤੰਬਰ ਨੂੰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਲਜ ਦੇ ਗਾਰਡ ਵੱਲੋਂ ਪੀ ਐਸ ਯੂ ਦੇ ਆਗੂਆਂ ਨਾਲ ਕੁੱਟ ਮਾਰ ਕੀਤੀ ਗਈ ਸੀ ਜਿਸਦਾ ਵਿਦਿਆਰਥੀਆਂ ਵੱਲੋਂ ਵਿਰੋਧ ਕਰਕੇ ਮੌਕੇ ਤੇ ਹੀ ਕਾਲਜ ਮੈਨੇਜਮੈਂਟ ਨਾਲ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰੰਤੂ ਕੋਈ ਹੱਲ ਕਰਨ ਦੀ ਬਜਾਏ ਕਾਲਜ ਦੇ ਹੀ ਇੱਕ ਪ੍ਰੋਫੈਸਰ ਵੱਲੋਂ ਵਿਦਿਆਰਥੀਆਂ ਨੂੰ ਜ਼ਲੀਲ ਕੀਤਾ ਗਿਆ।
ਮਾਮਲਾ ਹੱਲ ਕਰਨ ਦਾ ਢੋਂਗ ਕਰਨ ਲਈ ਕਾਲਜ ਪ੍ਰਸ਼ਾਸ਼ਨ ਵੱਲੋਂ ਕਮੇਟੀ ਵੀ ਬਣਾਈ ਗਈ , ਕਮੇਟੀ ਨੇ ਵੀ ਮਾਮਲੇ ਨੂੰ ਹੱਲ ਕਰਨ ਦੀ ਥਾਂ ਹੋਰ ਉਲਝਾਇਆ। ਮਾਮਲਾ ਹੱਲ ਹੁੰਦਾ ਨਾ ਦੇਖ ਕੇ ਵਿਦਿਆਰਥੀਆਂ ਵੱਲੋਂ ਥਾਣਾ ਸਦਰ ਵਿਖੇ ਕੁੱਟ ਮਾਰ ਕਰਨ ਵਾਲੇ ਸਕਿਉਰਟੀ ਗਾਰਡ ਅਤੇ ਜ਼ਲੀਲ ਕਰਨ ਵਾਲੇ ਪ੍ਰੋਫੈਸਰ ਖ਼ਿਲਾਫ਼ ਦਰਖ਼ਾਸਤ ਦਿੱਤੀ ਗਈ ਸੀ ਜਿਸ ਸਬੰਧੀ ਮੁਕਤਸਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਸਾਫ਼ ਹੈ ਕਿ ਇੱਕ ਇਨਕਲਾਬੀ ਵਿਦਿਆਰਥੀ ਜਥੇਬੰਦੀ ਨੂੰ ਦਬਾਉਣ ਲਈ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ।ਜਿਸ ਦੇ ਵਿਰੋਧ ਵਿੱਚ 4 ਅਕਤੂਬਰ ਨੂੰ ਡੀ ਐਸ ਪੀ ਦਫਤਰ ਸਾਹਮਣੇ ਜੋਨ ਪੱਧਰੀ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਇਕੱਠ ਵਿੱਚ ਫ਼ਰੀਦਕੋਟ ਦੇ ਵੱਡੀ ਗਿਣਤੀ ਵਿਦਿਆਰਥੀ ਸ਼ਾਮਿਲ ਹੋਣਗੇ।
ਇਸ ਮੌਕੇ ਅਰਸ਼ਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨਦੀਪ ਸਿੰਘ, ਲਵਪ੍ਰੀਤ ਸਿੰਘ, ਰਵੀ, ਸੁਖਵੀਰ ਕੌਰ,ਸ਼ਮਦੀਪ ਸਿੰਘ ਮੀਟਿੰਗ ਵਿੱਚ ਸ਼ਾਮਿਲ ਸਨ।