ਡੇਂਗੂ ਰੋਕਥਾਮ ਯੋਗ ਹੈ ਆਓ ਹੱਥ ਮਿਲਾਈਏ :- ਡਾ ਸੰਜੇ ਕਪੂਰ
ਰਾਸ਼ਟਰੀ ਡੇਂਗੂ ਦਿਵਸ ਮਨਾਉਣ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ
ਫਰੀਦਕੋਟ, 14 ਮਈ – ਅੱਜ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ ਹਿਮਾਂਸ਼ੂ ਗੁਪਤਾ ਵੱਲੋਂ ਡੇਂਗੂ ਬਿਮਾਰੀ ਤੋਂ ਬਚਾਓ ਲਈ ਸੁਨੇਹਾ ਦਿੰਦਾ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ। 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਜਿਲਾ ਫ਼ਰੀਦਕੋਟ ਵਿਖੇ ਡੇਂਗੂ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਕੀਤੀਆਂ ਜਾਣਗੀਆਂ । ਜਿਸ ਵਿਚ ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ‘ਫਰਾਈ ਡੇ : ਡਰਾਈ ਡੇ’ ਦੀ ਮਹੱਤਤਾ, ਡੇਂਗੂ ਹੋਣ ਦੇ ਕਾਰਣ, ਸਾਵਧਾਨੀਆਂ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਨੇ ਅਪੀਲ ਕੀਤੀ ਕਿ ਜੇਕਰ ਅਸੀਂ ਹਫਤੇ ਚ ਇੱਕ ਵਾਰ ਡ੍ਰਾਈ ਡੇ ਮਨਾ ਲਈਏ ਭਾਵ ਕਿ ਕੂਲਰ ਦੇ ਪਾਣੀ ਅਤੇ ਫਰਿਜ ਪਿਛੇ ਟਰੇ ਵਿੱਚ ਜਮਾਂ ਹੋਣ ਵਾਲੇ ਪਾਣੀ ਨੂੰ, ਆਪਣੇ ਘਰ, ਸਕੂਲ, ਕੰਮਕਾਜ ਵਾਲੀ ਥਾਂ ਅਤੇ ਆਲੇ ਦੁਆਲੇ ਸਾਫ ਸਫਾਈ ਦੇ ਨਾਲ ਖੜੇ ਪਾਣੀ ਨੂੰ ਸਾਫ ਕਰ ਦਈਏ ਤਾਂ ਅਸੀਂ ਡੇਂਗੂ ਤੋਂ ਨਿਜਾਤ ਪਾ ਸਕਦੇ ਹਾਂ ।ਕਿਉ ਕਿ ਡੇਂਗੂ ਫੈਲਾਉਣ ਵਾਲਾ ਮਾਦਾ ਮੱਛਰ ਐਡੀਜ਼ ਖੜੇ ਪਾਣੀ ਚ ਪੈਦਾ ਹੁੰਦਾ ਹੈ ਜੋ ਕਿ ਦਿਨ ਵੇਲੇ ਕੱਟਦਾ ਹੈ। ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸਪੇਸ਼ੀਆਂ ਚ ਦਰਦ, ਮਸੂੜਿਆਂ ਤੇ ਨੱਕ ਵਿਚੋਂ ਖੂਨ ਵੱਗਣਾ, ਜੋੜਾਂ ਵਿਚ ਦਰਦ ਆਦਿ ਇਸਦੇ ਮੁਖ ਲੱਛਣ ਹਨ ।
ਜਿਲਾ ਐਪੀਡੀਮੋਲੋਜਿਸਟ ਡਾ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਡੇਂਗੂ ਦੀ ਰੋਕਥਾਮ ਲਈ ਲੋਕਾਂ ਦਾ ਸਹਿਯੋਗ ਦੀ ਲੋੜ ਹੈ। ਆਪਣੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ, ਛੱਪੜਾਂ ਵਿਚ ਖਲੋਤੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾਅ ਕੀਤਾ ਜਾਵੇ। ਪੁਰੀ ਬਾਜੂ ਦੇ ਕਪੜੇ ਪਾਏ ਜਾਣ ਅਤੇ ਮੱਛਰਦਾਨੀ ਜਾਂ ਮੱਛਰ ਮਾਰਨ ਵਾਲੀ ਦਵਾਈ ਦਾ ਉਪਯੋਗ ਕੀਤਾ ਜਾਵੇ।
ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ 104 ਟੋਲਫਰੀ ਹੈਲਪਲਾਈਨ ਨੰਬਰ ਤੋਂ ਵੀ ਲਈ ਜਾ ਸਕਦੀ ਹੈ। ਉਹਨਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੀ ਦਵਾਈ ਅਤੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ।