ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਪਰਮਜੀਤ ਨੂੰ 5 ਸਾਲ ਕੈਦ, 10,000 ਰੁਪਏ ਜੁਰਮਾਨਾ
ਰੂਪਨਗਰ, 21 ਜੁਲਾਈ (ਡੇਲੀ ਪੋਸਟ ਪੰਜਾਬੀ)- ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਪਰਮਜੀਤ ਸਿੰਘ ਨੂੰ ਅੱਜ 5 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਇਹ ਸਜ਼ਾ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਰਮੇਸ਼ ਕੁਮਾਰੀ ਦੀ ਅਦਾਲਤ ਵੱਲੋਂ ਸੁਣਾਈ ਗਈ।
ਦੱਸ ਦੇਈਏ ਕਿ 2021 ਵਿਚ ਮੁਲਜ਼ਮ ਪਰਮਜੀਤ ਸਿੰਘ ਨੇ ਗੁਰੂ ਘਰ ਵਿਚ ਕੀਰਤਨ ਕਰਦੇ ਜਥੇ ਕੋਲ ਬੈਠ ਤੇ ਸਿਗਰਟ ਪੀਤੀ ਤੇ ਧੂੰਆਂ ਪਾਠੀ ਸਿੰਘਾਂ ਵੱਲ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਪਾਠੀ ਸਿੰਘਾਂ ਨੇ ਪਰਮਜੀਤ ਸਿੰਘ ਨੂੰ ਕਾਬੂ ਕਰ ਲਿਆ ਤੇ ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਮੁਲਜ਼ਮ ਪਰਮਜੀਤ ਸਿੰਘ ‘ਤੇ ਮੁਕੱਦਮਾ ਚੱਲਿਆ ਤੇ 17 ਮਈ ਨੂੰ ਉਸ ਖਿਲਾਫ ਦੋਸ਼ ਤੈਅ ਕੀਤੇ ਗਏ। ਮੁਲਜ਼ਮ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ 3 ਸਾਲ ਤੇ ਅੱਗ ਲਗਾ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਅਧੀਨ 5 ਸਾਲ ਦੀ ਸਜ਼ਾ ਸੁਣਾਈ ਹੈ।