ਤਰਨਤਾਰਨ ‘ਚ ਲੁੱਟ ਦੀ ਯੋਜਨਾ ਬਣਾਉਣ ਵਾਲੇ 6 ਵਿਅਕਤੀ ਕਾਬੂ, 10 ਦੋਸ਼ੀਆਂ ਖਿਲਾਫ ਮਾਮਲਾ ਦਰਜ
ਤਰਨਤਾਰਨ, 25 ਸਤੰਬਰ (ਡੇਲੀ ਪੋਸਟ ਪੰਜਾਬੀ)- ਬੀਤੀ 20 ਸਤੰਬਰ ਨੂੰ ਐਸਬੀਆਈ ਬੈਂਕ ਢੋਟੀਆਂ ਵਿੱਚ ਲੁੱਟ ਦੀ ਨੀਅਤ ਨਾਲ ਆਏ ਚਾਰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਮੌਕੇ ’ਤੇ ਪੁੱਜੇ ਪੀਸੀਆਰ ਦੇ ਏਐਸਆਈ ਬਲਵਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ। ਇਸ ਤੋਂ ਬਾਅਦ ਜਦੋਂ ਲੁਟੇਰੇ ਬੈਂਕ ਲੁੱਟਣ ਦੀ ਕੋਸ਼ਿਸ਼ ਵਿੱਚ ਨਾਕਾਮ ਰਹੇ ਤਾਂ ਜ਼ਖਮੀ ਬਲਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਨੇ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਫੜੇ ਗਏ ਮੁਲਜ਼ਮਾਂ ਵਿੱਚ ਗਰੋਹ ਦਾ ਮੁੱਖ ਆਗੂ ਵੀ ਸ਼ਾਮਲ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਨੇ ਚਾਰ ਹੋਰ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਫਿਲਹਾਲ ਥਾਣਾ ਸਦਰ ਤਰਨਤਾਰਨ ‘ਚ 10 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।