ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ; ਪੁਲਿਸ ਅਤੇ ਸੁਰੱਖਿਆ ਏਜੰਸੀਆਂ ਅਲਰਟ ‘ਤੇ
ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ।

ਜਲੰਧਰ- ਪਿਛਲੇ ਲੰਮੇ ਸਮੇਂ ਤੋਂ ਜਲੰਧਰ ਦੇ ਕਈ ਸਕੂਲਾਂ ਨੂੰ ਲਗਾਤਾਰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜਿਸ ਨੂੰ ਦੇਖਦਿਆਂ ਹੋਇਆ ਲਗਾਤਾਰ ਹਰ ਵਾਰ ਸਕੂਲਾਂ ਨੂੰ ਖਾਲੀ ਕਰਵਾਇਆ ਜਾਂਦਾ ਹੈ। ਹੁਣ ਇੱਕ ਵਾਰ ਫਿਰ ਜਲੰਧਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੇਲ ਵਿੱਚ ਲਿਖਿਆ ਹੈ ਕਿ ਬਲਾਸਟ ਜਲੰਧਰ ਸਕੂਲ ਪੰਜਾਬ ਵਿੱਚ ਹੋਵੇਗਾ। ਆਪਣੇ ਬੱਚੇ ਬਚਾਓ ਅਤੇ ਹੋਰ ਕਈ ਚੀਜ਼ਾਂ ਇਸ ਵਿੱਚ ਲਿਖੀਆਂ ਹੋਈਆਂ ਹਨ।
ਇਸ ਧਮਕੀ ਵਾਲੇ ਮੇਲ ਦੇ ਵਿੱਚ ਤਿੰਨ ਸਕੂਲਾਂ ਨੂੰ ਟਾਰਗੇਟ ਕੀਤਾ ਗਿਆ ਜਿਸ ਦੇ ਵਿੱਚੋਂ ਡਿਪਸ ਜਲੰਧਰ, ਐਮਜੀਐਨ ਜਲੰਧਰ ਅਤੇ ਮੇਅਰ ਵਰਲਡ ਜਲੰਧਰ ਦੇ ਸਕੂਲ ਨੂੰ ਇਹ ਧਮਕੀ ਭਰੀਆਂ ਮੇਲਾ ਭੇਜੀਆਂ ਗਈਆਂ ਨੇ ਜਿਸ ਤੋਂ ਬਾਅਦ ਸਕੂਲਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਮੌਕੇ ਦੇ ਉੱਪਰ ਪੁਲਿਸ ਵੀ ਪਹੁੰਚੀ ਅਤੇ ਉਹਨਾਂ ਵੱਲੋਂ ਸੁਰੱਖਿਆ ਵਧਾ ਦਿੱਤੀ ਗਈ।
ਇਸ ਤੋਂ ਇਲਾਵਾ, ਧਮਕੀ ਭਰੀ ਚਿੱਠੀ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਨੂੰ ਉਡਾਉਣ ਦੀ ਗੱਲ ਵੀ ਕਹੀ ਗਈ ਹੈ। ‘ਖਾਲਿਸਤਾਨ ਨੈਸ਼ਨਲ ਆਰਮੀ’ ਦੇ ਨਾਂ ‘ਤੇ ਭੇਜੀ ਗਈ ਇਸ ਮੇਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ (AAP) ਆਗੂ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਮੇਲ ਵਿੱਚ ਲਿਖਿਆ ਗਿਆ ਹੈ ਕਿ ਦੋਵਾਂ ਆਗੂਆਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 16 ਮਾਰਚ ਨੂੰ ਵੀ ਸ਼ਹਿਰ ਦੇ ਚਾਰ ਪ੍ਰਮੁੱਖ ਸਕੂਲਾਂ—ਏ.ਪੀ.ਜੇ. (APJ) ਸਕੂਲ ਰਾਮਾ ਮੰਡੀ, ਦਿੱਲੀ ਪਬਲਿਕ ਸਕੂਲ, ਸੀ.ਟੀ. ਵਰਲਡ ਪਬਲਿਕ ਸਕੂਲ ਅਤੇ ਕੈਂਬਰਿਜ ਕੋ-ਐਡ ਸਕੂਲ ਨੂੰ ਦੇਸ਼ ਵਿਰੋਧੀ ਅਨਸਰਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਸਨ। ਉਸ ਸਮੇਂ ਭੇਜੀ ਗਈ ਈਮੇਲ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਸਾਖੀ ਵਾਲੇ ਦਿਨ ਵੱਡੇ ਹਮਲੇ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਦੀਆਂ ਮੂਰਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਸੀ।
-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


