ਤੰਦਰੁਸਤ ਸਮਾਜ ਦੀ ਸਿਰਜਣਾ ਲਈ ਲਾਇਨਜ਼ ਕਲੱਬ ਰਾਇਲ ਨੇ ਕਰਵਾਇਆ ਸੈਮੀਨਾਰ
ਬੁਲਾਰਿਆਂ ਨੇ ਵਾਤਾਵਰਣ ਅਤੇ ਪਾਣੀ ਦੀ ਸੰਭਾਲ ਸਬੰਧੀ ਅਨੇਕਾਂ ਨੁਕਤੇ ਕੀਤੇ ਸਾਂਝੇ
ਕੋਟਕਪੂਰਾ, 21 ਮਾਰਚ :- ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਵਲੋਂ ਗੋਦ ਲਏ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਹਰਨਾਮਪੁਰਾ ਕੋਟਕਪੂਰਾ ਵਿੱਚ ਚਾਰ ਵਿਸ਼ਿਆਂ ’ਤੇ ਕਰਵਾਏ ਗਏ ਸੈਮੀਨਾਰ ਦੌਰਾਨ ਡਾ. ਸੁਨੀਲ ਛਾਬੜਾ ਰੀਜ਼ਨ ਸੈਕਟਰੀ ਅਤੇ ਸੁਰਜੀਤ ਸਿੰਘ ਘੁਲਿਆਣੀ ਡੀਡੀਜੀ (ਆਰ) ਨੇ ਦੱਸਿਆ ਕਿ ਬੀਤੀ 18 ਮਾਰਚ ਨੂੰ ਦੇਸ਼ ਭਰ ਵਿੱਚ ਹੋਲੀ ਜਦਕਿ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਦਰਖੱਤਾਂ ਦੀ ਕਟਾਈ ਨਾ ਕਰਨ ਬਾਰੇ ਅਨੇਕਾਂ ਨੁਕਤੇ ਸਾਂਝੇ ਕਰਦਿਆਂ ਉਹਨਾ ਦੱਸਿਆ ਕਿ ਇਸ ਦਾ ਵਾਤਾਵਰਣ ’ਤੇ ਸਿੱਧਾ ਅਸਰ ਪੈਂਦਾ ਹੈ। ਪਾਣੀ ਦੀ ਕਮੀ ਅਤੇ ਪ੍ਰਦੂਸ਼ਣ ਬਾਰੇ ਵਿਚਾਰ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਪਾਣੀ ਦਾ ਪੱਧਰ ਹੇਠਾਂ ਡਿੱਗਣ ਤੋਂ ਸੁਚੇਤ ਹੋ ਕੇ ਸਾਨੂੰ ਪਾਣੀ ਦੀ ਵਰਤੋਂ ਲੋੜ ਅਤੇ ਸੰਜਮ ਅਨੁਸਾਰ ਕਰਨੀ ਚਾਹੀਦੀ ਹੈ। ਡਾ. ਸੁਨੀਲ ਛਾਬੜਾ ਨੇ ਟੀ.ਬੀ. ਦੀ ਬਿਮਾਰੀ ਦੇ ਲੱਛਣ, ਰੋਕਥਾਮ ਅਤੇ ਇਲਾਜ ਸਬੰਧੀ ਵਿਸਥਾਰ ਵਿੱਚ ਜਿਕਰ ਕੀਤਾ। ਡਾਕਟਰ ਛਾਬੜਾ ਨੇ ਦੱਸਿਆ ਕਿ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ. ਦਾ ਇਲਾਜ ਮੁਫਤ ਕਰਵਾਇਆ ਜਾ ਸਕਦਾ ਹੈ ਤੇ ਮੁਕੰਮਲ ਇਲਾਜ ਲਈ ਸਾਰੀ ਦਵਾਈ ਮੁਫਤ ਮਿਲਦੀ ਹੈ। ਉਹਨਾਂ ਟੀ.ਬੀ. ਦੇ ਮਰੀਜਾਂ ਨੂੰ ਖੰਘ ਜਾਂ ਛਿੱਕ ਆਉਣ ਮੌਕੇ ਮੂੰਹ ਉੱਤੇ ਹੱਥ ਜਾਂ ਰੁਮਾਲ ਰੱਖਣ ਅਤੇ ਅਜਿਹੇ ਮੌਕਿਆਂ ’ਤੇ ਮਾਸਕ ਦੀ ਵਰਤੋਂ ਕਰਨ ਸਬੰਧੀ ਨਸੀਹਤ ਦਿੱਤੀ। ਸਕੂਲ ਮੁਖੀ ਮੈਡਮ ਸ਼ਵੇਤਾ ਨੇ ਮੰਗ ਕੀਤੀ ਕਿ ਬੱਚਿਆਂ ਦੇ ਬੈਠਣ ਲਈ ਬਣੇ ਨਵੇਂ ਸ਼ੈੱਡ ਵਿੱਚ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਬਿਜਲੀ ਦੇ ਪੱਖੇ ਲੋੜੀਂਦੇ ਸਨ, ਗੁਰਭੇਜ ਸਿੰਘ ਬਰਾੜ ਯੂ.ਐੱਸ.ਏ. ਵੱਲੋਂ ਦੋ ਪੱਖੇ ਭੇਂਟ ਕੀਤੇ ਗਏ ਜਦਕਿ ਕਲੱਬ ਨੇ ਸਕੂਲੀ ਬੱਚਿਆਂ ਨੂੰ ਦੁੱਧ ਅਤੇ ਬਿਸਕੁਟ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬੀਰਇੰਦਰਪਾਲ ਸ਼ਰਮਾ, ਭੁਪਿੰਦਰ ਸਿੰਘ ਐੱਸ.ਡੀ.ਓ., ਮਨਜੀਤ ਸਿੰਘ ਔਲਖ, ਭੁਪਿੰਦਰ ਸਿੰਘ ਰੀਜਨ ਚੇਅਰਮੈਨ ਸਮੇਤ ਤਰਸੇਮ ਸਿੰਘ ਨਾਗੀ, ਰੂੜ ਸਿੰਘ, ਗੁਰਦੀਪ ਸਿੰਘ ਸਹਿਦੇਵ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ। ਅੰਤ ਵਿੱਚ ਗੁਰਦੀਪ ਸਿੰਘ ਸਹਿਦੇਵ ਦਾ ਸਨਮਾਨ ਵੀ ਕੀਤਾ ਗਿਆ।