ਦਾਅ ‘ਤੇ ਲੱਗੀ ਆਮ ਲੋਕਾਂ ਦੀ ਜਾਨ ਪਰ ਸਰਕਾਰ ਚੁੱਪ, ਆਖ਼ਰ ਜ਼ਿੰਮੇਵਾਰੀ ਕੌਣ ਲਵੇਗਾ? – ਸੁਖਬੀਰ ਬਾਦਲ
ਚੰਡੀਗੜ੍ਹ, 21 ਮਈ – (ਪੰਜਾਬ ਡਾਇਰੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਰਿਆਈ ਪਾਣੀਆਂ ਦੇ ਵੱਡੀ ਪੱਧਰ ’ਤੇ ਗੰਧਲੇ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਇੰਡਸਟਰੀ ਦੀ ਰਹਿੰਦ-ਖੂੰਹਦ ਦਰਿਆਈ ਪਾਣੀਆਂ ’ਚ ਸੁੱਟਣ ’ਤੇ ਰੋਕ ਲਗਾਵੇ। ਸੁਖਬੀਰ ਮਾਡਲ ਨੇ ਪ੍ਰਦੂਸ਼ਿਤ ਪਾਣੀ ਕਾਰਨ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ। ਇਹ ਪਾਣੀ ਸਿਰਫ਼ ਮਨੁੱਖਾਂ, ਪੰਛੀਆਂ ਤੇ ਜਾਨਵਰਾਂ ਲਈ ਹੀ ਹਾਨੀਕਾਰਕ ਨਹੀਂ ਸਗੋਂ ਸਿੰਚਾਈ ਲਈ ਕੀਤੀ ਇਸ ਦੀ ਵਰਤੋਂ ਜਾਨਲੇਵਾ ਹੈ। ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਫ਼ਿਰੋਜ਼ਪੁਰ ਫ਼ੀਡਰ ਦੇ ਪਾਣੀ ਦਾ ਹੱਲ ਕਰਕੇ ਪਹਿਲਾਂ ਖ਼ੁਦ ਪੀ ਕੇ ਆਮ ਲੋਕਾਂ ਲਈ ਮਿਸਾਲ ਕਾਇਮ ਕਰਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਦੇ ਨਾਲ ਨਾਲ, ਨਹਿਰੀ ਅਤੇ ਜ਼ਮੀਨਦੋਜ਼ ਪਾਣੀ ਦੇ ਪ੍ਰਦੂਸ਼ਣ ਦਾ ਮਾਮਲਾ ਵੀ ਗਹਿਰਾਉਂਦਾ ਜਾ ਰਿਹਾ ਹੈ, ਪਰ ਲੋਕਾਂ ਦੀਆਂ ਜਾਨਾਂ ‘ਤੇ ਬਣੇ ਖ਼ਤਰੇ ਦੇ ਬਾਵਜੂਦ ਸੂਬਾ ਸਰਕਾਰ ਪਤਾ ਨਹੀਂ ਕਿਉਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਨਹੀਂ ਚਾਹੁੰਦੀ। ਉਨ੍ਹਾਂ ਮੰਗ ਕੀਤੀ ਹੈ ਕਿ ਹਰੀਕੇ ਹੈੱਡਵਰਕਸ ਤੋਂ ਫਿਰੋਜ਼ਪੁਰ ਫ਼ੀਡਰ ਨਹਿਰ ‘ਚ ਛੱਡੇ ਪ੍ਰਦੂਸ਼ਿਤ ਪਾਣੀ ‘ਤੇ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਹਰੀਕੇ ਹੈੱਡਵਰਕਸ ਤੋਂ ਫ਼ਿਰੋਜ਼ਪੁਰ ਫ਼ੀਡਰ ‘ਚ ਛੱਡੇ ਜਾ ਰਹੇ ਪ੍ਰਦੂਸ਼ਿਤ ਕਾਲੇ ਰੰਗ ਦੇ ਪਾਣੀ ਬਾਰੇ ਜਿੱਥੇ ਪੰਜਾਬ ਜਲ ਨਿਯੰਤਰਣ ਅਤੇ ਵਿਕਾਸ ਅਥਾਰਿਟੀ ਨੇ 16 ਤਰੀਕ ਨੂੰ ਜਾਰੀ ਐਡਵਾਇਜ਼ਰੀ ‘ਚ ਇਹ ਪਾਣੀ ਪੀਣ ਲਈ ਨਾ ਵਰਤੇ ਜਾਣ ਦੀ ਹਿਦਾਇਤ ਦਿੱਤੀ ਸੀ, ਉੱਥੇ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਹੀ ਸਰਕਾਰ ਦੇ ਦੂਜੇ ਵਿਭਾਗ ਦੀ ਗੱਲ ਨੂੰ ਕੱਟਦੇ ਹੋਏ, ਕੁਝ ‘ਉਪਾਅ’ ਤੋਂ ਬਾਅਦ ਇਹ ਪਾਣੀ ਪੀਣ ਵਾਲਾ ਬਣਾਏ ਜਾਣ ਬਾਰੇ ਬਿਆਨ ਦਾਗ਼ ਦਿੱਤਾ। ਹਾਲਾਂਕਿ, ਇਸ ਅਸੰਵੇਦਨਸ਼ੀਲਤਾ ਖ਼ਿਲਾਫ਼ ਵਾਤਾਵਰਨ ਪ੍ਰੇਮੀਆਂ ਨੇ ਮੋੜਵੇਂ ਜਵਾਬ ‘ਚ ਕਿਹਾ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਫ਼ਿਰੋਜ਼ਪੁਰ ਫ਼ੀਡਰ ਦਾ ਪਾਣੀ ‘ਉਪਾਅ’ ਕਰਕੇ ਪਹਿਲਾਂ ਖ਼ੁਦ ਪੀ ਕੇ ਆਮ ਲੋਕਾਂ ਲਈ ਮਿਸਾਲ ਕਾਇਮ ਕਰਨ।
ਬਾਦਲ ਨੇ ਕਿਹਾ ਕਿ ਪ੍ਰਦੂਸ਼ਿਤ ਪਾਣੀ ਕਾਰਨ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਹੰਢਾਇਆ ਹੈ। ਜਿੱਥੇ ਇਹ ਮਨੁੱਖਾਂ ਦੇ ਨਾਲ-ਨਾਲ ਪੰਛੀਆਂ ਤੇ ਜਾਨਵਰਾਂ ਦੇ ਪੀਣ ਲਈ ਹਾਨੀਕਾਰਕ ਹੈ, ਉੱਥੇ ਹੀ ਇਸ ਦੀ ਸਿੰਚਾਈ ਲਈ ਕੀਤੀ ਵਰਤੋਂ ਵੀ ਬਹੁਤ ਜਾਨਲੇਵਾ ਹੈ। ਪੰਜਾਬ ਦੀ ਮਾਲਵਾ ਬੈਲਟ ਗੰਭੀਰ ਰੂਪ ਨਾਲ ਕੈਂਸਰ ਦੀ ਚਪੇਟ ‘ਚ ਆ ਚੁੱਕੀ ਹੈ, ਅਤੇ ਬਹੁਤ ਇਲਾਕਿਆਂ ‘ਚ ਵੱਡੀ ਗਿਣਤੀ ਲੋਕ ਕਾਲ਼ਾ ਪੀਲੀਆ ਵਰਗੇ ਮਾਰੂ ਰੋਗਾਂ ਤੋਂ ਗ੍ਰਸਤ ਹੋ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ, ”ਮੁੜ ਮੈਂ ਮੌਜੂਦਾ ਵਿਸ਼ੇ ‘ਤੇ ਆਉਂਦਾ ਹੋਇਆ ਸੋਚਦਾ ਹਾਂ ਕਿ ਇੱਕੋ ਸੂਬੇ ਦੀ ਸਰਕਾਰ ਅਧੀਨ ਦੋ ਵਿਭਾਗ ਇੱਕ-ਦੂਜੇ ਤੋਂ ਉਲਟ ਬਿਆਨਬਾਜ਼ੀ ਕਰ ਰਹੇ ਹਨ, ਦਾਅ ‘ਤੇ ਜਾਨ ਆਮ ਲੋਕਾਂ ਦੀ ਲੱਗੀ ਹੈ, ਸਰਕਾਰ ਨੇ ਚੁੱਪੀ ਧਾਰੀ ਹੋਈ ਹੈ, ਤੇ ਆਖ਼ਿਰ ਜ਼ਿੰਮੇਵਾਰੀ ਕੌਣ ਲਵੇਗਾ?”