ਦੇਸ਼ ਵਿਚ ਭੜਕਾਊ ਬਹਿਸ ਕਰਵਾਉਣ ਵਾਲੇ ਨਿਊਜ਼ ਐਂਕਰਾਂ ਦਾ ਬਾਈਕਾਟ ਕਰੇਗਾ INDIA ਗਠਜੋੜ
ਨਵੀਂ ਦਿੱਲੀ, 14 ਸਤੰਬਰ (ਰੋਜਾਨਾ ਸਪੋਕਸਮੈਨ)- ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਨੇ ਬੁੱਧਵਾਰ ਨੂੰ ਫੈਸਲਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵਿਵਸਥਾ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਠਜੋੜ ਦੀਆਂ ਜਨਤਕ ਮੀਟਿੰਗਾਂ ਸ਼ੁਰੂ ਹੋ ਜਾਣਗੀਆਂ।
ਇਸ ਦੇ ਨਾਲ ਹੀ ਵਿਰੋਧੀ ਗਠਜੋੜ ਨੇ ਕੁਝ ਨਿਊਜ਼ ਚੈਨਲਾਂ ਦੇ ਐਂਕਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ‘ਤੇ ਵੀ ਸਹਿਮਤੀ ਪ੍ਰਗਟਾਈ ਹੈ ਅਤੇ ਇਸ ਸਬੰਧ ‘ਚ ‘ਇੰਡੀਆ’ ਗਠਜੋੜ ਦਾ ਮੀਡੀਆ ਨਾਲ ਸਬੰਧਤ ਕਾਰਜਕਾਰੀ ਸਮੂਹ ਫ਼ੈਸਲਾ ਕਰੇਗਾ ਕਿ ਕਿਹੜੇ ਐਂਕਰ ਦੇ ਪ੍ਰੋਗਰਾਮਾਂ ‘ਚ ਵਿਰੋਧੀ ਗਠਜੋੜ ਦੀਆਂ ਤੱਤਕਾਲੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਜਾਂ ਕਿਹੜੀਆਂ ਵਿਚ ਸ਼ਾਮਲ ਨਹੀਂ ਹੋਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਸੂਚੀ ਵਿਚ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਨਿਊਜ਼ ਚੈਨਲਾਂ ਦੇ ਐਂਕਰ ਸ਼ਾਮਲ ਹੋਣਗੇ। ਜਿਹੜੇ ਐਂਕਰ ਕਥਿਤ ਤੌਰ ‘ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਆਪਣੇ ਬਹਿਸ ਪ੍ਰੋਗਰਾਮਾਂ ਦੌਰਾਨ ਲੋੜੀਂਦੇ ਮੌਕੇ ਨਹੀਂ ਦਿੰਦੇ ਹਨ, ਉਨ੍ਹਾਂ ਨੂੰ ਵੀ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ। ਦਰਅਸਲ, ਵਿਰੋਧੀ ਪਾਰਟੀਆਂ ਪਿਛਲੇ ਕੁਝ ਸਮੇਂ ਤੋਂ ਮੀਡੀਆ ‘ਤੇ ਪੱਖਪਾਤ ਦਾ ਦੋਸ਼ ਲਗਾ ਰਹੀਆਂ ਹਨ। ਰਾਹੁਲ ਗਾਂਧੀ ਦੇ ਭਾਰਤ ਜੋੜੋ ਦੌਰੇ ਦੌਰਾਨ ਕਾਂਗਰਸ ਨੇ ਉਨ੍ਹਾਂ ‘ਤੇ ਜ਼ਰੂਰੀ ਕਵਰੇਜ ਨਾ ਦੇਣ ਦਾ ਦੋਸ਼ ਲਗਾਇਆ ਸੀ।