ਦੋਨਾਂ ਪੰਜਾਬ ਦੇ ਸਾਂਝੇ ਸਭਿਆਚਾਰ ਦੀ ਮਜ਼ਬੂਤੀ ਲਈ ਕੱਢੇ ਨਵੇਂ ਰਸਾਲੇ “ਸਲਾਹੀਅਤ” ਦਾ ਲੋਕ ਅਰਪਣ
ਚੰਡੀਗੜ੍ਹ, 2 ਮਈ (2022) – ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28-ਏ, ਚੰਡੀਗੜ੍ਹ ਦੇ ਕੈਂਪਸ ਵਿੱਚ ਤਿੰਨ ਭਾਸ਼ੀ ਮਹੀਨਾਵਾਰ ਰਸਾਲੇ “ਸਲਾਹੀਅਤ” ਦਾ ਰਿਲੀਜ਼ ਸਮਾਗਮ ਕੀਤਾ ਗਿਆ। ਜੋ ਪੂਰਬੀ ਅਤੇ ਪੱਛਮੀ ਪਾਕਿਸਤਾਨੀ ਪੰਜਾਬਾਂ ਸਮੇਤ ਪੂਰੇ ਵਿਸ਼ਵ ਵਿੱਚ ਵਸਦੇ ਪੰਜਾਬੀਆਂ ਦਰਮਿਆਨ ਸਭਿਆਚਾਰਕ ਇੱਕ ਪੁਲ ਦਾ ਕੰਮ ਕਰੇਗਾ।
ਰਸਾਲੇ ਦੇ ਸੰਪਾਦਕ ਦਿੱਲੀ ਨਿਵਾਸੀ ਡਾ. ਸੁਨੀਲ ਭਾਟੀਆ ਨੇ ਕਿਹਾ ਕਿ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਆਨਲਾਈਨ ਰਸਾਲਾ “ਸਲਾਹੀਅਤ” ਪੰਜਾਬੀ, ਸਾਹਮੁੱਖੀ ਅਤੇ ਅੰਗਰੇਜ਼ੀ ਵਿੱਚ ਹੈ, ਡਾ ਭਾਟੀਆ ਦਾ ਪਿਛਕੋੜ ਗੁੱਜਰਾਂਵਾਲਾ ਪਾਕਿਸਤਾਨ ਦਾ ਹੈ। ਪਰ ਸੰਤਾਲੀ ਦੇ ਉਜਾੜੇ ਸਮੇਂ ਉਹਨਾਂ ਦਾ ਪ੍ਰਵਾਰ ਇੱਧਰ ਆ ਗਿਆ ਸੀ, ਜਿਸ ਕਰਕੇ ਉਹ ਢੰਗ ਨਾਲ ਪੰਜਾਬੀ ਨਹੀਂ ਪੜ੍ਹ ਸਕਿਆ ਪਰ ਉਸਨੇ ਆਪਣੀ ਮਾਂ ਕੋਲੋਂ ਪੰਜਾਬੀ ਜ਼ਰੂਰ ਸਿੱਖ ਲਈ ਹੈ। ਡਾ. ਭਾਟੀਆ ਨੇ ਕਿਹਾ “ਭਾਵੇਂ ਮੇਰਾ ਖੇਤਰ ਇੰਜਨੀਅਰਿੰਗ ਅਤੇ ਸਾਇੰਸ ਰਿਹਾ ਹੈ ਪਰ ਮੈਂ ਸਮਝਦਾ ਹਾਂ ਕਿ ਪੰਜਾਬੀ ਅਦਬ ਅਤੇ ਇਤਿਹਾਸ ਦਾ ਅਦਾਨ-ਪ੍ਰਦਾਨ ਜਾਰੀ ਰਹਿਣਾ ਚਾਹੀਦਾ ਹੈ, ਜਿਸ ਨਾਲ ਦੋਵਾਂ ਪੰਜਾਬਾਂ ਦਾ ਰਾਹ ਖੁੱਲ੍ਹੇਗਾ।”
ਰਸਾਲੇ ਦੇ ਲੋਕ ਅਰਪਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ ਸੰਤਾਲੀ ਦੀ ਵੰਡ ਦਾ ਸਦਮਾ ਐਨਾ ਡੂੰਘਾ ਹੈ ਕਿ ਇਹ ਤੀਜੀ ਪੀੜ੍ਹੀ ਨੂੰ ਵੀ ਪ੍ਰਭਾਵਤ ਕਰ ਰਿਹਾ ਹੈ। ਉਧਰੋਂ ਉਜੜ ਕੇ ਆਈ ਪੀੜ੍ਹੀ ਨੇ ਦੁੱਖ ਹੱਡੀ ਹੰਢਾਏ ਸਨ, ਸੰਤਾਲੀ ਤੋਂ ਬਆਦ ਜਨਮੀ ਪੀੜ੍ਹੀ ਇਹ ਕਹਾਣੀਆਂ ਸੁਣਦੀ ਪ੍ਰਵਾਨ ਚੜ੍ਹੀ ਸੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਇਸ ਵੰਡ ਦੀਆਂ ਜੜ੍ਹਾਂ ਤਲਾਸ਼ਣ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਇਹ ਸਦਮਾ ਐਨਾ ਡੰਘਾ ਸੀ ਕਿ ਉਧਰੋਂ ਆਈ ਪੀੜ੍ਹੀ ਦੇ ਬਜ਼ੁਰਗ ਬੁਢੇਪੇ ਵਿੱਚ ਆਕੇ ਭੁਲੱਕੜਪਣ ਅਤੇ ਹੱਥ ਸਿਰ ਹਿੱਲਣ ਦੀ ਬੀਮਾਰੀ ਦਾ ਸ਼ਿਕਾਰ ਹੋਏ ਹਨ।
ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਡਾ. ਸੁਨੀਲ ਭਾਟੀਆ ਨਾਲ ਅਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਭਾਵੇਂ ਉਹ ਦਿੱਲੀ ਲੰਬਾਂ ਸਮਾਂ ਗੁਆਂਢੀ ਰਹੇ ਸਨ ਪਰ ਰਸਾਲਾ ਕੱਢਣ ਦਾ ਵਿਚਾਰ ਡਾ ਭਾਟੀਆ ਨੇ ਸੇਵਾਮੁਕਤੀ ਤੋਂ ਬਾਅਦ ਹੀ ਦੋਸਤਾਂ ਨਾਲ ਸਾਂਝਾ ਕੀਤਾ ਹੈ, ਜੋ ਲੰਬੇ ਸਮੇਂ ਤੋਂ ਉਸਦੇ ਅੰਦਰ ਦਬਿਆ ਚਲਿਆ ਆ ਰਿਹਾ ਸੀ।
ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਡਾ. ਭਾਟੀਆ ਨੇ ਇੱਕ ਕੋਸ਼ ਵੀ ਤਿਆਰ ਕੀਤਾ ਹੈ, ਜਿਸ ਵਿੱਚ ਪੱਛਮੀ ਪੰਜਾਬ ਦੇ ਗੁਜਰਾਵਾਲੇ ਇਲਾਕੇ ਦੀਆਂ ਸਤਾਰਾਂ ਸੌ ਦੇ ਕਰੀਬ ਕਹਾਵਤਾ ਮੁਹਾਵਰੇ ਅਤੇ ਹਜ਼ਾਰ ਦੀ ਕਰੀਬ ਉਹ ਸ਼ਬਦ ਦਰਜ਼ ਕੀਤੇ ਹਨ ਜੋ ਅੱਜ ਪੰਜਾਬੀ ਬੋਲੀ ਵਿੱਚੋਂ ਅਲੋਪ ਹੋ ਚੁੱਕੇ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵੰਡ ਦਾ ਹੇਰਵਾ ਪੀੜ੍ਹੀ ਦਰ ਪੀੜ੍ਹੀ ਸਫਰ ਕਰਦਾ ਹੈ। “ਮੇਰੀ ਵੱਡੀ ਭੈਣ ਵੰਡ ਤੋਂ ਪਹਿਲਾ ਸਾਡੇ ਲਾਇਲਪੁਰ ਜ਼ਿਲ੍ਹੇ ਵਾਲੇ ਘਰ ਦੀਆਂ ਗੱਲਾਂ ਸੁਣਾਉਂਦੀ ਹੁੰਦੀ ਸੀ, ਉਹ ਮੇਰੇ ਦਿਮਾਗ ਵਿੱਚ ਇੰਨ ਬਿੰਨ ਉਕਰੀਆਂ ਪਈਆਂ ਸਨ ਕਿ ਜਦ ਮੈਂ ਪਾਕਿਸਤਾਨ ਗਿਆ ਤਾਂ ਕਿਸੇ ਤੋਂ ਬਗੈਰ ਰਾਹ ਪੁੱਛਿਆਂ ਘਰੇ ਪਹੁੰਚ ਗਿਆ ਸੀ।” ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਪੁਰਾਣੇ ਸ਼ਬਦਾਂ ਦਾ ਇੱਕ ਸਾਡਾ ਕੋਸ਼ ਤਿਆਰ ਹੋਣਾ ਚਾਹੀਦਾ ਹੈ, ਜਿਸ ਨਾਲ ਪੁਰਾਣੇ ਖਾਸਕਰ ਪੇਂਡੂ ਲੋਕਾਂ ਦੇ ਦੁੱਖ ਦਰਦ ਅਤੇ ਸੱਭਿਆਚਾਰਕ ਸਾਹਿਤ ਨੂੰ ਸਮਝਣ ਵਿੱਚ ਮਦਦ ਮਿਲ ਗਈ।
ਸਾਬਕਾ ਸੈਸ਼ਨ ਜੱਜ ਐਮ.ਐਸ. ਨਾਗਰਾ ਨੇ ਕਿਹਾ ਕਿ ਉਰਦੂ ਪੰਜਾਬ ਦੀ ਭਾਸ਼ਾ ਹੀ ਨਹੀਂ ਹੈ। ਇਹ ਤਾਂ 1850 ‘ਚ ਪੰਜਾਬ ਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ ਲੈਕੇ ਆਏ ਸਨ। ਪਹਿਲਾਂ ਉਹਨਾਂ ਨੇ ਪੰਜਾਬੀ ਭਾਸ਼ਾ ਦਾ ਉਰਦੂ ਕਰਨ ਕੀਤਾ ਤੇ ਹੁਣ ਸੰਤਾਲੀ ਤੋਂ ਬਾਅਦ ਭਾਰਤ ਸਰਕਾਰਾਂ ਨੋ ਪੰਜਾਬੀ ਦਾ ਹਿੰਦੀਕਰਨ ਕਰ ਦਿੱਤਾ ਹੈ।
ਇਸ ਮੌਕੇ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਗੁਰਪ੍ਰੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ, ਮਲਕੀਤ ਨਾਗਰਾ, ਡਾ ਖੁਸ਼ਹਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਵਿੱਚ ਪੰਜਾਬ ਬੁੱਕ ਸੈਂਟਰ ਤੋ ਏ.ਐਸ ਪਾਲ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਕਰਨਲ ਡੀ. ਐਮ ਔਜਲਾ, ਪ੍ਰੋਫੈਸਰ ਬਲਵਿੰਦਰ ਚਹਿਲ, ਊਸ਼ਾ ਕੰਵਰ, ਪਰਮਜੀਤ ਕੌਰ, ਪਸ਼ਮਿੰਦਰ ਕੌਰ ਦਿੱਲੀ, ਹਰਨੀਤ ਕੌਰ ਦਿੱਲੀ, ਅਸ਼ਵਨੀ ਬਖਸ਼ੀ, ਐਡਵੋਕੇਟ ਸੁਰਜੀਤ ਸਿੰਘ, ਡਾ. ਮਨਦੀਪ ਕੁਮਾਰ, ਆਲਮ ਬਕਸ਼ੀ, ਵਰਿੰਦਰ ਸਿੰਘ, ਪੱਤਰਕਾਰ ਗੁਰਸ਼ਮਸ਼ੀਰ ਸਿੰਘ, ਰਣਬੀਰ ਸਿੰਘ ਮੁਹਾਲੀ, ਹਰਦੀਪ ਸਿੰਘ, ਜਤਿੰਦਰ ਸਿੰਘ, ਅਜਾਇਬ ਔਜਲਾ, ਆਤਿਸ਼ ਗੁਪਤਾ ਆਦਿ ਹਾਜ਼ਿਰ ਸਨ।