ਤੰਬਾਕੂ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਨੂੰ ਜਿਲੇ ਅੰਦਰ ਸ਼ਖਤੀ ਨਾਲ ਲਾਗੂ ਕੀਤਾ ਜਾਵੇ- ਰਾਜਦੀਪ ਸਿੰਘ ਬਰਾੜ
ਫਰੀਦਕੋਟ, 23 ਮਈ – (ਪੰਜਾਬ ਡਾਇਰੀ) ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਜਿਲਾ ਪੱਧਰੀ ਕੁਆਰਡੀਨੇਸ਼ਨ ਕਮੇਟੀ ਅਤੇ ਟਾਸਕ ਫੋਰਸ (ਤੰਬਾਕੂ ਕੰਟਰੋਲ) ਫਰੀਦਕੋਟ ਦੀ ਮੀਟਿੰਗ ਡਿਪਟੀ ਕਮਿਸ਼ਨਰ ਫਰੀਦਕੋਟ ਦੀ ਸਰਪ੍ਰਸਤੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ.ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸਥਾਨਕ ਅਸ਼ੋਕ ਚੱਕਰ ਹਾਲ ਵਿਖੇ ਹੋਈ।ਇਸ ਮੌਕੇ ਡਾ. ਸੰਜੇ ਕਪੂਰ ਸਿਵਲ ਸਰਜਨ ਕਮ ਮੈਂਬਰ ਸਕੱਤਰ ਨੇ ਪਹੁੰਚੇ ਹੋਏ ਮੈਂਬਰਾਂ ਨੂੰ ਜੀ ਆਇਆਂ ਕਿਹਾ।
ਡਾ. ਪੁਸ਼ਪਿੰਦਰ ਸਿੰਘ ਕੂਕਾ ਜਿਲਾ ਨੋਡਲ ਅਫਸਰ ਵੱਲੋਂ ਤੰਬਾਕੂ ਦੇ ਦੁਰਪ੍ਰਭਾਵਾਂ ਬਾਰੇ ਬੋਲਦਿਆਂ ਤੰਬਾਕੂ ਵਿਰੋਧੀ ਕਾਨੂੰਨ ਕੋਟਪਾ 2003 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਟਪਾ 2003 ਦੀ ਧਾਰਾ 4 ਤਹਿਤ ਜਨਤਕ ਸਥਾਨਾਂ ’ਤੇ ਤੰਬਾਕੂਨੋਸ਼ੀ ਕਰਨਾ ਮਨਾਂ ਹੈ ਅਤੇ ਸਰਕਾਰੀ ਦਫਤਰਾਂ, ਨਿੱਜੀ ਦਫਤਰਾਂ ਵਿੱਚ ਤੰਬਾਕੂਨੋਸ਼ੀ ਤਹਿਤ ਖੇਤਰ ਦੇ ਬੋਰਡ ਲਗਾਉਣਾ ਜ਼ਰੂਰੀ ਹੈ।ਜਨਤਕ ਸਥਾਨਾਂ, ਦਫਤਰਾਂ, ਹੋਟਲਾਂ, ਰੈਸਟੋਰੈਂਟਾਂ, ਬਾਰਾਂ ਆਦਿ ਵਿਖੇ ਸਿਗਰਟ ਦੇ ਟੋਟੇ, ਐਸ਼-ਟ੍ਰੇ ਜਾਂ ਸਿਗਰਟ ਲਾਈਟਰ ਆਦਿ ਮੌਜੂਦ ਨਹੀਂ ਹੋਣਾ ਚਾਹੀਦਾ।ਇਸਦੀ ਉਲੰਘਣਾ ’ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਕੋਟਪਾ ਦੀ ਧਾਰਾ 6 ਏ ਦੇ ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਦੀ ਵਿਕਰੀ ਕਰਨਾ , ਦੁਕਾਨ ’ਤੇ ਤੰਬਾਕੂ ਸਜਾ ਕੇ ਰੱਖਣਾ ਵੀ ਗੈਰਕਾਨੂੰਨੀ ਹੈ ਅਤੇ ਨਾਬਾਲਗਾਂ ਨੂੰ ਤੰਬਾਕੂ ਨਾ ਵੇਚਣ ਸਬੰਧੀ ਬੋਰਡ ਵੀ ਦੁਕਾਨ ਆਦਿ ’ਤੇ ਲੱਗਾ ਹੋਣਾ ਜ਼ਰੂਰੀ ਹੈ।ਇਸਦੀ ਉਲੰਘਣਾ ਵੀ ਜ਼ੁਰਮਾਨੇ ਅਤੇ ਸਜਾ ਦੀ ਭਾਗੀਦਾਰ ਬਣਾ ਸਕਦੀ ਹੈ।ਧਾਰਾ 6 ਬੀ ਦੇ ਤਹਿਤ ਕਿਸੇ ਵੀ ਸਿਖਿਆ ਸੰਸਥਾ ਦੇ 100 ਗਜ਼ ਦੇ ਘੇਰੇ ਵਿੱਚ ਤੰਬਾਕੁ ਪਦਾਰਥਾਂ ਦੀ ਵਿਕਰੀ ਦੀ ਮਨਾਹੀ ਹੈ ਅਤੇ ਸਿੱਖਿਆ ਸੰਸਥਾ ਨੁੰ ਇਸ ਸਬੰਧੀ ਨਿਰਧਾਰਿਤ ਬੋਰਡ ਸਿੱਖਿਆ ਸੰਸਥਾਨ ਦੇ ਬਾਹਰ ਲਗਾਉਣਾ ਵੀ ਲਾਜ਼ਮੀ ਹੈ।
ਡਰੱਗ ਅਤੇ ਕਾਸਮੈਟਿਕਸ ਐਕਟ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਐਕਟ ਤਹਿਤ ਈ-ਸਿਗਰਟ ਦੀ ਵਿਕਰੀ ਵੀ ਪੰਜਾਬ ਵਿੱਚ ਬੰਦ ਹੈ।ਉਹਨਾਂ ਦੱਸਿਆ ਕਿ ਧਾਰਾ 144 ਦੇ ਤਹਿਤ ਹੁੱਕਾ ਬਾਰ ਵੀ ਪੰਜਾਬ ਵਿੱਚ ਬੈਨ ਹਨ ਅਤੇ ਜੇਕਰ ਕਿਸੇ ਹੋਟਲ, ਰੈਸਟੋਰੈਂਟ ਜਾਂ ਮੈਰਿਜ਼ ਪੈਲੇਸ ਵਿੱਚ ਹੁੱਕਾ ਪਰੋਸਿਆ ਜਾਂਦਾ ਹੈ ਤਾਂ ਗੈਰ ਕਾਨੂੰਨੀ ਹੈ।
ਏ.ਡੀ.ਸੀ. ਸ.ਰਾਜਦੀਪ ਸਿੰਘ ਬਰਾੜ ਨੇ ਮੀਟਿੰਗ ਵਿੱਚ ਪਹੁੰਚੇ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਜਿਲੇ ਅੰਦਰ ਕੋਟਪਾ 2003 ਦੀਆਂ ਧਾਰਾਵਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਆਮ ਲੋਕਾਂ ਨੂੰ ਵੀ ਤੰਬਾਕੁ ਵਰਗੀ ਅਲਾਮਤ ਨੂੰ ਛੱਡ ਕੇ ਨਸ਼ਾ ਰਹਿਤ ਜੀਵਨ ਜਿਉਣ ਅਤੇ ਇਸ ਅਲਾਮਤ ਵਿਰੁੱਧ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਜਿਲਾ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ, ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਭੰਡਾਰੀ ਤੋਂ ਇਲਾਵਾ ਫੂਡ ਸੇਫਟੀ ਅਫਸਰ ਗਗਨਦੀਪ ਕੌਰ, ਡਰੱਗ ਇੰਸਪੈਕਟਰ ਹਰਜਿੰਦਰ ਸਿੰਘ, ਸ਼ਿਵਜੀਤ ਸਿੰਘ ਸੰਘਾ, ਜਸਪ੍ਰੀਤ ਸਿੰਘ ਐਨ.ਜੀ.ਓ. ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜਰ ਸਨ।