ਧਰਨਾ ਸ਼ਬਦ ਹੁਣ ਨਹੀਂ ਜੁੜੇਗਾ ਬਾਬਾ ਫਰੀਦ ਮੈਡੀਕਲ ਯੂਨੀਵਰਿਸਟੀ ਨਾਲ – ਉਪ-ਕੁਲਪਤੀ
ਫਰੀਦਕੋਟ, 10 ਅਗਸਤ (ਪੰਜਾਬ ਡਾਇਰੀ)- ਮੁਲਾਜ਼ਮ ਕਿਸੇ ਵੀ ਸੰਸਥਾ ਦੀ ਰੀੜ ਦੀ ਹੱਡੀ ਹੁੰਦੇ ਹਨ, ਜੋ ਕਿ ਆਪਣੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਉਸ ਸੰਸਥਾ ਨੂੰ ਤਰੱਕੀ ਦੀਆਂ ਉਚਾਈਆਂ ਤੇ ਲੈ ਕੇ ਜਾਂਦੇ ਹਨ ਤੇ ਵਧੀਆ ਕੰਮ ਕਰਨ ਕਰਕੇ ਲੋਕਾਂ ਦਾ ਵੀ ਉਸ ਸੰਸਥਾ ਤੇ ਵਿਸਵਾਸ਼ ਗੂੜ੍ਹਾ ਹੁੰਦਾ ਹੈ। ਸੋ ਮੈਂ ਵੀ ਆਪਣੇ ਮੁਲਾਜ਼ਮਾਂ ਦੀਆਂ ਮੰਗਾਂ, ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਪੂਰੀ ਕੋਸਿਸ਼ ਕਰਾਂਗਾ ਅਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਦੇਖੋਗੋ ਕਿ ਧਰਨਾ ਸ਼ਬਦ ਯੂਨੀਵਰਸਿਟੀ ਨਾਲੋਂ ਬਿਲਕੁਲ ਹੱਟ ਜਾਏਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ਼ ਫ਼ਰੀਦਕੋਟ ਦੇ ਉਪ-ਕੁਲਪਤੀ ਡਾ: ਰਾਜੀਵ ਸੂਦ ਨੇ ਕੀਤਾ। ਉਨ੍ਹਾਂ ਕਿ ਪਿਛਲੇ ਸਮੇਂ ਇਹ ਯੂਨੀਵਰਸਿਟੀ ਲਗਾਤਾਰ ਹੜ੍ਹਤਾਲਾਂ-ਧਰਨਿਆਂ ਕਾਰਨ ਬਹੁਤ ਚਰਚਾ ਵਿੱਚ ਰਹੀ ਹੈ ਇਸ ਲਈ ਉਨ੍ਹਾਂ ਨੇ ਜੁਆਇੰਨ ਕਰਦਿਆਂ ਹੀ ਮੁਲਾਜ਼ਮ ਯੂਨੀਅਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਸਮਝਿਆ ਹੈ, ਜਿਸ ਵਿੱਚੋਂ ਬਹੁਤੀਆਂ ਦਾ ਹੱਲ ਮੌਕੇ ਤੇ ਹੀ ਕਰ ਦਿੱਤਾ ਗਿਆ ਹੈ ਤੇ ਰਹਿੰਦੀਆਂ ਮੰਗਾਂ ਅਗਲੇ ਕੁਝ ਮਹੀਨਿਆਂ ਵਿੱਚ ਹੱਲ ਹੋ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਕੰਟੈਰੁਕਚਲ ਮੁਲਾਜ਼ਮਾਂ ਦੀਆਂ ਕੁਝ ਜਾਇਜ ਮੰਗਾਂ ਪਿਛਲੇ ਕਈ ਸਾਲਾਂ ਤੋਂ ਲਟਕ ਰਹੀਆਂ ਸਨ ਜਿਵੇਂ ਕਿ ਉਨ੍ਹਾਂ ਦਾ ਏਰੀਅਰ ਜੋ ਕਿ ਤੁਰੰਤ ਰਿਲੀਜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਪੰਜਾਬ ਦੀ ਇਕੋ ਇਕ ਮੈਡੀਕਲ ਯੂਨਵਰਸਿਟੀ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਇਕ ਨੰਬਰ ਯੂਨੀਵਰਸਿਟੀ ਬਣੇ।
ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਯੁਨਾਈਟਿਡ ਇੰਪਲਾਈਜ਼ ਯੂਨੀਅਨ ਆਗੂ ਯਸ਼ਪਾਲ ਸਾਂਬਰੀਆ, ਵਿਕਾਸ ਅਰੋੜਾ, ਹਰਜਿੰਦਰ ਸਿੰਘ ਅਤੇ ਆਸ਼ਾ ਰਾਣੀ ਨੇ ਦੱਸਿਆ ਕਿ ਜਿਵੇਂ ਵੀ.ਸੀ ਸਾਹਿਬ ਨੇ ਆਉਂਦਿਆਂ ਹੀ ਉਨ੍ਹਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣ ਕੇ ਹੱਲ ਕਰਨਾ ਸ਼ੁਰੂ ਕੀਤਾ ਹੈ, ਉਸ ਤੋਂ ਆਸ ਜਾਗੀ ਹੈ ਕਿ ਮੁਲਾਜ਼ਮ ਹੁਣ ਸਿਰਫ਼ ਆਪਣੇ ਕੰਮ ਵੱਲ ਧਿਆਨ ਦੇਣਗੇ ਤੇ ਉਨ੍ਹਾਂ ਨੂੰ ਮੰਗਾਂ ਦੀ ਪੂਰਤੀ ਲਈ ਵਾਰ-ਵਾਰ ਧਰਨੇ ਮੁਜਾਹਰੇ ਨਹੀਂ ਕਰਨੇ ਪੈਣਗੇ। ਸਮੁੱਚੀ ਯੂਨੀਅਨ ਨੇ ਮਾਨਯੋਗ ਮੁੱਖੀ ਮੰਤਰੀ ਸ. ਭਗਵੰਤ ਸਿੰਘ ਮਾਨ, ਡਾ ਬਲਵੀਰ ਸਿੰਘ, ਸਿਹਤ ਮੰਤਰੀ ਪੰਜਾਬ ਸਰਕਾਰ, ਸ. ਗੁਰਦਿਤ ਸਿੰਘ ਸੇਖੋਂ, ਐਮ.ਐਲ.ਏ. ਫਰੀਦਕੋਟ, ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਨਿਰਮਲ ਆਉਸੇਪਚਨ ਆਈ.ਏ.ਐੱਸ., ਅਮਲਾ ਸ਼ਾਖਾ ਦੇ ਮੁਖੀ ਡਾ: ਸਰਿਤਾ, ਪ੍ਰੀਖਿਆ ਕੰਟਰੋਲਰ ਡਾ. ਐਸ.ਪੀ. ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਕਰਕੇ ਕਈ ਸਾਲਾਂ ਦਾ ਰੁਕਿਆ ਹੋਇਆ ਬਕਾਇਆ ਮੁਲਾਜਿਮਾਂ ਨੂੰ ਜਾਰੀ ਹੋਇਆ ਹੈ।