ਨਰੇਗਾ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਫਰੀਦਕੋਟ, 16 ਅਗਸਤ (ਪੰਜਾਬ ਡਾਇਰੀ)- ਆਪਣੀਆਂ ਸੇਵਾਵਾਂ ਨੂੰ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਲੜਾਈ ਲੜੀ ਰਹੇ ਪੰਜਾਬ ਦੇ ਨਰੇਗਾ ਮੁਲਾਜ਼ਮਾਂ ਵੱਲੋਂ ਮੁੜ ਤੋਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਅੱਜ ਇੱਥੇ ਬਲਾਕ ਕੋਟਕਪੂਰਾ ਵਿਖੇ ਪੁੱਜੇ ਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਦੇ ਪ੍ਰਧਾਨ ਹਪਿੰਦਰ ਸਿੰਘ ਹੈਪੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਦਰਪੇਸ਼ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੇਵਾਵਾਂ ਰੈਗੂਲਰ ਕਰਨ ਸੰਬੰਧੀ ਪਿਛਲੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 30 ਨਵੰਬਰ 2022 ਨੂੰ ਪੈਨਲ ਮੀਟਿੰਗ ਕਰਕੇ ਇੱਕ ਮਹੀਨੇ ਦੌਰਾਨ ਰਿਕਾਰਡ ਮੁਕੰਮਲ ਕਰਕੇ ਸਰਕਾਰ ਨੂੰ ਭੇਜਣ ਦੇ ਹੁਕਮ ਜਾਰੀ ਕੀਤੇ ਸਨ, ਪ੍ਰੰਤੂ ਵਿਭਾਗ ਦੀ ਅਫ਼ਸਰਸ਼ਾਹੀ ਦਸ ਮਹੀਨੇ ਬੀਤ ਜਾਣ ਬਾਅਦ ਵੀ ਮਾਮਲੇ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਰਹੀ ਹੈ। ਵਾਰ-ਵਾਰ ਯੂਨੀਅਨ ਦਾ ਵਫ਼ਦ ਉੱਚ ਅਧਿਕਾਰੀਆਂ ਨੂੰ ਮਿਲਦਾ ਵੀ ਰਿਹਾ ਹੈ ਅਤੇ ਮੀਟਿੰਗ ਲਈ ਸਮੇਂ ਦੀ ਮੰਗ ਕਰਦਾ ਰਿਹਾ।
ਡਿਪਟੀ ਕਮਿਸ਼ਨਰਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਰਾਹੀਂ ਸਾਰੇ ਪੰਜਾਬ ਵਿੱਚੋਂ ਮੰਗ ਪੱਤਰ ਵੀ ਭੇਜੇ ਜਾ ਚੁੱਕੇ ਹਨ। ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮੰਗ ਪੱਤਰ ਭੇਜੇ ਗਏ। ਪੰਚਾਇਤ ਮੰਤਰੀ ਭੁੱਲਰ ਨੇ ਫ਼ੋਨ ਰਾਹੀਂ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਸਲਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਪ੍ਰੰਤੂ ਅਫ਼ਸਰਸ਼ਾਹੀ ਵੱਲੋਂ ਨਾ ਤਾਂ ਕੋਈ ਅਗਲੇਰੀ ਕਾਰਵਾਈ ਕੀਤੀ ਗਈ ਅਤੇ ਨਾ ਹੀ ਯੂਨੀਅਨ ਨੂੰ ਮੀਟਿੰਗ ਲਈ ਸਮਾਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰੈਗੂਲਰ ਦੀ ਮੰਗ ਦੇ ਨਾਲ-ਨਾਲ ਈਪੀਐੱਫ ਕੱਟਣ ਵਿੱਚ ਪਾਈਆਂ ਤਰੁੱਟੀਆਂ, ਈਐੱਸਆਈ ਲਾਗੂ ਕਰਨਾ, ਮੌਤ ਦੇ ਕੇਸਾਂ ਵਿੱਚ ਵਾਰਿਸ ਨੂੰ ਨੌਕਰੀ, ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ, ਸਾਲਾਨਾ ਇੰਕਰੀਮੈਂਟ ਸਮੇਤ ਅਨੇਕਾਂ ਮਸਲਿਆਂ ਦਾ ਵੀ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਵੇ ਕੇ ਆਊਟ ਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਕੰਟ੍ਰੈਕਟ ਤੇ ਕਰਨਾ| ਦੂਜੇ ਪਾਸੇ ਕੰਮ ਦਾ ਬੇਤਹਾਸ਼ਾ ਬੋਝ ਅਤੇ ਨਿਗੂਣੀਆਂ ਤਨਖਾਹਾਂ, ਉਧਾਰ ਮਟੀਰੀਅਲ ਚੁੱਕ ਕੇ ਵਿਕਾਸ ਕਾਰਜ ਕਰਵਾਉਣ ਦਾ ਦਬਾਅ ਮੁਲਾਜ਼ਮਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਰਿਹਾ ਹੈ। ਬਹੁਤੇ ਨੌਕਰੀ ਛੱਡ ਰਹੇ ਹਨ, ਬਹੁਤੇ ਮਾਨਸਿਕ ਰੋਗਾਂ ਤੋਂ ਪੀੜਤ ਹੋ ਰਹੇ ਹਨ। ਇਸ ਲਈ ਸੂਬਾ ਕਮੇਟੀ ਫੈਸਲਾ ਕੀਤਾ ਗਿਆ ਹੈ ਕਿ 24 ਅਗਸਤ ਨੂੰ ਪੰਜਾਬ ਪੱਧਰ ਦਾ ਵਿਸ਼ਾਲ ਇਕੱਠ ਕਰਕੇ ਵਿਕਾਸ ਭਵਨ ਮੋਹਾਲੀ ਵਿਖੇ ਧਰਨਾ ਦਿੱਤਾ ਜਾਵੇਗਾ। ਇਸ ਸਮੇਂ ਏ ਪੀ ਓ ਗਗਨਦੀਪ ਸਿੰਘ ਵਿਨੇ, ਗਰਾਮ ਰੋਜ਼ਗਾਰ ਸਹਾਇਕ ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਜਸਪ੍ਰੀਤ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ,ਗੁਰਪ੍ਰੀਤ ਸਿੰਘ, ਅੰਗਰੇਜ ਕੌਰ, ਟੀ ਏ ਖੁਸ਼ਪ੍ਰੀਤ ਸਿੰਘ, ਪੁਸ਼ਵਿੰਦਰ ਸਿੰਘ, ਮੋਹਿਤ ਹਾਜ਼ਰ ਸਨ।