ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦੀ ਕਾਰਵਾਈ, ਮਹਿਲਾ ਨਸ਼ਾ ਤਸਕਰ ਦੀ 33.7 ਲੱਖ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਫਾਜ਼ਿਲਕਾ, 6 ਸਤੰਬਰ (ਰੋਜਾਨਾ ਸਪੋਕਸਮੈਨ)- ਫਾਜ਼ਿਲਕਾ ਦੇ ਪਿੰਡ ਆਜ਼ਮਵਾਲਾ ‘ਚ ਪੁਲਿਸ ਨੇ ਨਸ਼ਾ ਤਸਕਰ ਪਰਿਵਾਰ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀ ਨਸ਼ੀਲੇ ਪਦਾਰਥਾਂ ਨਾਲ ਬਣੀ ਨਾਜਾਇਜ਼ ਜਾਇਦਾਦ ਜ਼ਬਤ ਕੀਤੀ ਹੈ। ਪੁਲਿਸ ਨੇ ਜਾਇਦਾਦ ਨੂੰ ਜ਼ਬਤ ਕਰਕੇ ਇਸ ਨੂੰ ਕੇਸ ਨਾਲ ਜੋੜ ਦਿੱਤਾ ਹੈ। ਇਹ ਕਾਰਵਾਈ ਮੰਗਲਵਾਰ ਨੂੰ ਡੀਐਸਪੀ ਅਤੁਲ ਸੋਨੀ ਨੇ ਕੀਤੀ।
ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਥਾਣਾ ਖੂਈਖੇੜਾ ਦੀ ਪੁਲਿਸ ਨੇ ਆਜ਼ਮਵਾਲਾ ਦੀ ਰਹਿਣ ਵਾਲੀ ਸ਼ਿਮਲਾ ਰਾਣੀ ਨੂੰ 7 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਸੀ। ਜੋ ਜੇਲ੍ਹ ਜਾਣ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਹੋ ਗਈ ਸੀ। ਜਦੋਂ ਪੁਲਿਸ ਨੇ ਆਪਣੇ ਪੱਧਰ ‘ਤੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਪੂਰਾ ਪਰਿਵਾਰ ਨਸ਼ਾ ਤਸਕਰੀ ਵਿਚ ਸ਼ਾਮਲ ਹੈ ਅਤੇ ਉਸ ਨੇ ਨਸ਼ਾ ਵੇਚ ਕੇ ਨਾਜਾਇਜ਼ ਜਾਇਦਾਦ ਬਣਾਈ ਹੋਈ ਹੈ | ਜਿਸ ਦਾ ਪੂਰਾ ਰਿਕਾਰਡ ਬਣਾਇਆ ਗਿਆ।
ਉਕਤ ਮਹਿਲਾ ਨਸ਼ਾ ਤਸਕਰ ਦੇ ਨਹਿਰ ‘ਤੇ ਬਣੇ ਘਰ ਨੂੰ ਥਾਣਾ ਖੂਈਖੇੜਾ ਦੇ ਐੱਸਐੱਚਓ ਰਮੇਸ਼ ਨੇ ਜ਼ਬਤ ਕਰ ਲਿਆ। ਘਰ ਦੀ ਕੀਮਤ 16.5 ਲੱਖ ਰੁਪਏ ਹੈ। ਪੁਲਿਸ ਨੇ ਉਕਤ ਔਰਤ ਕੋਲੋਂ 8.5 ਲੱਖ ਰੁਪਏ ਦੀ ਕੀਮਤ ਦਾ ਇੱਕ ਟਰੈਕਟਰ, 2 ਦੁਕਾਨਾਂ (4 ਲੱਖ), 1 ਲੱਖ 80 ਹਜ਼ਾਰ ਰੁਪਏ ਦਾ ਇੱਕ ਬਾਈਕ ਅਤੇ ਇੱਕ ਹੋਰ ਸਮਾਨ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਵੱਲੋਂ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਹੈ।