ਨਸ਼ੇ ਖਿਲਾਫ਼ ਮੁਹਿੰਮ ਨੇ ਬਣਾਏ 3 ਰਿਕਾਰਡ, ਹਜ਼ਾਰਾਂ ਬੱਚਿਆਂ ਨੇ CM ਮਾਨ ਨਾਲ ਮਿਲ ਕੀਤੀ ਅਰਦਾਸ
ਅਮ੍ਰਿਤਸਰ, 18 ਅਕਤੂਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ‘ਦਿ ਹੋਪ ਇਨੀਸ਼ੀਏਟਿਵ’ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਗਈ। ਹੈਰੀਟੇਜ ਸਟਰੀਟ ਵਿਖੇ ਹਜ਼ਾਰਾਂ ਵਿਦਿਆਰਥੀ ਪੀਲੀਆਂ ਪੱਗਾਂ ਬੰਨ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਸੀ.ਐਮ ਮਾਨ ਵੀ ਉੱਥੇ ਪਹੁੰਚੇ ਅਤੇ ਸਾਰਿਆਂ ਦੇ ਨਾਲ ਮਿਲ ਕੇ ਨਸ਼ੇ ਖਿਲਾਫ ਅਰਦਾਸ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਹੋਪ ਇਨੀਸ਼ੀਏਟਿਵ-ਅਰਦਾਸ, ਸਹੁੰ ਅਤੇ ਖੇਡ ਨੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਨਾਂ ਤਿੰਨ ਰਿਕਾਰਡ ਆਪਣੇ ਨਾਂ ਕੀਤੇ ਹਨ। ਪ੍ਰੋਗਰਾਮ ਦੀ ਸ਼ੁਰੂਆਤ ਵਾਕਾਥਨ ਨਾਲ ਹੋਈ। ਇਸ ਵਿੱਚ 30 ਹਜ਼ਾਰ ਬੱਚਿਆਂ ਨੇ ਹਿੱਸਾ ਲਿਆ ਅਤੇ ਏਸ਼ੀਆ ਬੁੱਕ ਆਫ ਰਿਕਾਰਡ ਬਣਾਇਆ। ਇਨ੍ਹਾਂ ਬੱਚਿਆਂ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਲਈ ਇੰਡੀਆ ਬੁੱਕ ਆਫ ਰਿਕਾਰਡਸ ਅਤੇ ਨਸ਼ੇ ਖਿਲਾਫ ਸਹੁੰ ਲਈ ਗੋਲਡਨ ਬੁੱਕ ਆਫ ਰਿਕਾਰਡ ਅੰਮ੍ਰਿਤਸਰ ਦੇ ਨਾਂ ਹੋ ਗਿਆ ਹੈ।
ਅਰਦਾਸ ਵਿੱਚ ਜ਼ਿਲ੍ਹੇ ਦੇ 56 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 30 ਹਜ਼ਾਰ ਬੱਚਿਆਂ ਨੇ ਸ਼ਮੂਲੀਅਤ ਕੀਤੀ। ਅਰਦਾਸ ਤੋਂ ਪਹਿਲਾਂ ਸਮੂਹ ਵਿਦਿਆਰਥੀਆਂ ਨੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਇਆ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਜਿਸ ਤੋਂ ਬਾਅਦ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ CM ਮਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।