ਨਸ਼ੇ ਦੇ ਮੁਕੰਮਲ ਖਾਤਮੇ ਲਈ ਨੌਜਵਾਨ ਵਰਗ ਅਰਥਾਤ ਵਿਦਿਆਰਥੀਆਂ ਦਾ ਸਹਿਯੋਗ ਜਰੂਰੀ : ਡੀਐੱਸਪੀ
– ਨਸ਼ਾ ਛੱਡਣ ਲਈ ਸਰਕਾਰ ਵਲੋਂ ਮੁਫਤ ਨਸ਼ਾ ਛੁਡਾਉ ਕੇਂਦਰਾਂ ਦਾ ਪ੍ਰਬੰਧ : ਐਸਐਚਓ
ਫਰੀਦਕੋਟ, 23 ਅਕਤੂਬਰ (ਪੰਜਾਬ ਡਾਇਰੀ)- ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਲੜੀ ਤਹਿਤ ਵਿਦਿਆਰਥੀਆਂ ਦਾ ਨਸ਼ੇ ਦੇ ਮੁਕੰਮਲ ਖਾਤਮੇ ਵਿੱਚ ਸਹਿਯੋਗ ਲੈਣ ਦੀ ਮਨਸ਼ਾ ਨਾਲ ਪੁਲਿਸ ਪ੍ਰਸ਼ਾਸ਼ਨ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਨਸ਼ਿਆਂ ਦੀ ਸ਼ੁਰੂਆਤ, ਲੱਤ ਲੱਗਣ, ਬਚਾਅ, ਇਲਾਜ ਸਮੇਤ ਪੁਰਾਤਨ ਅਤੇ ਵਰਤਮਾਨ ਹਲਾਤਾਂ ਦੀ ਤੁਲਨਾ ਕਰਦਿਆਂ ਆਖਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯੋਗਦਾਨ ਪਾਉਣ ਵਾਸਤੇ ਨੌਜਵਾਨ ਵਰਗ ਨੂੰ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ।
ਉਹਨਾਂ ਨਸ਼ੇ ਦੀ ਬੁਰਾਈ ਦੇ ਮੁਕੰਮਲ ਖਾਤਮੇ ਦੇ ਅਹਿਮ ਨੁਕਤਿਆਂ ਦੀ ਸਾਂਝ ਪਾਉਂਦਿਆਂ ਦੁਸ਼ਮਣ ਤਾਕਤਾਂ ਦੇ ਮਨਸੂਬਿਆਂ ਦਾ ਵੀ ਵਿਸਥਾਰ ਸਹਿਤ ਜਿਕਰ ਕੀਤਾ। ਉਹਨਾ ਘਰਾਂ ’ਚ ਤਰੇੜਾਂ ਪੈਣ, ਤਲਾਕ ਦਰ ਵਧਣ, ਇੱਕੋ ਸਰਿੰਜ ਨਾਲ ਨਸ਼ੇ ਦੀ ਪੂਰਤੀ ਕਰਨ ਵਾਲੇ ਨੌਜਵਾਨਾ ਦੇ ਕਈ ਬਿਮਾਰੀਆਂ ’ਚ ਗ੍ਰਸਤ ਹੋਣ, ਅਣਖ-ਗੈਰਤ ਅਤੇ ਜਮੀਰ ਮਾਰਨ ਲਈ ਦੁਸ਼ਮਣ ਤਾਕਤਾਂ ਦੀਆਂ ਸਾਜਿਸ਼ਾਂ, ਕਿਰਦਾਰਕੁਸ਼ੀ ਦੀਆਂ ਕੌਸ਼ਿਸ਼ਾਂ, ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ’ਚ ਦਿਨੋ ਦਿਨ ਹੋ ਰਿਹਾ ਵਾਧਾ, ਰੋਜ਼ਾਨਾ ਨਸ਼ੇ ਦੀ ਭੇਂਟ ਚੜਨ ਵਾਲਿਆਂ ਘਰ ਵਿੱਛ ਰਹੇ ਸੋਗਮਈ ਸੱਥਰ ਵਰਗੀਆਂ ਅਨੇਕਾਂ ਉਦਾਹਰਨਾਂ ਦਿੰਦਿਆਂ ਆਖਿਆ ਕਿ ਹਰ ਦੇਸ਼ ਦੀ ਨੌਜਵਾਨ ਸ਼ਕਤੀ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਸਟੇਜ ਸੰਚਾਲਨ ਕਰਦਿਆਂ ਪੋ੍ਰ. ਪੂਨਮ ਅਰੋੜਾ ਨੇ ਸਾਰਿਆਂ ਦੀ ਜਾਣ-ਪਛਾਣ ਕਰਵਾਉਣ ਉਪਰੰਤ ਨਸ਼ਿਆਂ ਦੀ ਬੁਰਾਈ ਸਬੰਧੀ ਸੰਖੇਪ ਵਿੱਚ ਵਿਚਾਰ ਚਰਚਾ ਕੀਤੀ, ਜਦਕਿ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਅਤੇ ਇੰਸ. ਗੁਰਮੇਹਰ ਸਿੰਘ ਸਿੱਧੂ ਐੱਸਐੱਚਓ ਥਾਣਾ ਸਿਟੀ ਨੇ ਦੱਸਿਆ ਕਿ ਨਸ਼ਿਆਂ ਦੀ ਬੁਰਾਈ ਨੇ ਅਨੇਕਾਂ ਹੱਸਦੇ ਵਸਦੇ ਘਰ ਉਜਾੜ ਕੇ ਰੱਖ ਦਿੱਤੇ ਹਨ, ਜਦਕਿ ਅਨੇਕਾਂ ਘਰਾਂ ’ਚ ਵੈਣ ਪੈਣ ਅਤੇ ਵਿਰਲਾਪ ਦਾ ਚੀਕ ਚਿਹਾੜਾ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ।
ਉਹਨਾ ਨਸ਼ੇ ਦੇ ਮੁਕੰਮਲ ਖਾਤਮੇ ਲਈ ਵਿਦਿਆਰਥੀ-ਵਿਦਿਆਰਥਣਾ ਤੋਂ ਸਹਿਯੋਗ ਦੀ ਮੰਗ ਕਰਦਿਆਂ ਆਖਿਆ ਕਿ ਜੇਕਰ ਕੋਈ ਨਸ਼ਾ ਤਸਕਰ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਤਾਂ ਉਸਦੀ ਸੂਚਨਾ ਤੁਰਤ ਪੁਲਿਸ ਪ੍ਰਸ਼ਾਸ਼ਨ ਨੂੰ ਦਿਉ, ਤੁਹਾਡੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ। ਜੇਕਰ ਕੋਈ ਨਸ਼ੇੜੀ ਨੌਜਵਾਨ ਨਸ਼ਾ ਛੱਡਣ ਦਾ ਇਛੁੱਕ ਹੈ ਤਾਂ ਉਸਦਾ ਨਸ਼ਾ ਬਿਲਕੁਲ ਮੁਫਤ ਛੁਡਾਉਣ ਲਈ ਸਰਕਾਰ ਵਲੋਂ ਬਕਾਇਦਾ ਨਸ਼ਾ ਛੁਡਾਉ ਕੇਂਦਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਹਨਾ ਕਿਸੇ ਵੀ ਤਰਾਂ ਦੀ ਅਫਵਾਹ ਤੋਂ ਸੁਚੇਤ ਰਹਿਣ ਲਈ ਵੀ ਸਾਵਧਾਨ ਕੀਤਾ। ਵਾਈਸ ਪਿ੍ਰੰਸੀਪਲ ਹਰੀਸ਼ ਸ਼ਰਮਾ ਨੇ ਮਹਿਮਾਨਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੁਲਾਰਿਆਂ ਦੀ ਅੰਕੜਿਆਂ ਸਹਿਤ, ਦਲੀਲਾਂ ਨਾਲ ਅਤੇ ਸਰਲਭਾਸ਼ਾ ਵਿੱਚ ਸਮਝਾਈ ਗਈ ਇਕ ਇਕ ਗੱਲ ਵਿੱਚ ਬਹੁਤ ਵਜਨ ਹੈ। ਉਹਨਾਂ ਬੁਲਾਰਿਆਂ ਵਲੋਂ ਨਸ਼ਿਆਂ ਤੋਂ ਇਲਾਵਾ ਹਰ ਇਕ ਸਮਾਜਿਕ ਪੱਖ ਤੋਂ ਵੀ ਉਦਾਹਰਨਾ ਦੇ ਕੇ ਕੀਤੀਆਂ ਗੱਲਾਂ ਦੀ ਭਰਪੂਰ ਪ੍ਰਸੰਸਾ ਕੀਤੀ। ਇਸ ਮੌਕੇ ਡਾ ਮਨਜੀਤ ਸਿੰਘ ਢਿੱਲੋਂ ਸਮੇਤ ਕਾਲਜ ਦਾ ਸਮੁੱਚਾ ਸਟਾਫ ਵੀ ਹਾਜਰ ਸੀ।