ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੀ ਸਫ਼ਲ ਪੇਸ਼ਕਾਰੀ
ਫਰੀਦਕੋਟ 11 ਮਈ (ਪੰਜਾਬ ਡਾਇਰੀ)- ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਵੱਲੋਂ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਮੈਮੋਰੀਅਲ ਸੀਨੀ. ਸੈਕੰ. ਸਕੂਲ, ਫ਼ਰੀਦਕੋਟ ਵਿਖੇ ਅਕਸ ਰੰਗਮੰਚ ਬਰਨਾਲਾ ਦੁਆਰਾ ਰਾਜਵਿੰਰ ਸਮਰਾਲਾ ਦੁਆਰਾ ਲਿਖਤ ਅਤੇ ਨਿਰਦੇਸ਼ਤ ਪੰਜਾਬੀ ਦੀ ਸਮਰੱਥ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਜੀਵਨ ’ਤੇ ਆਧਾਰਤ ਨਾਟਕ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਵਿੱਚ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਸਿੱਧ ਪੰਜਾਬੀ ਸ਼ਾਇਰ ਸ੍ਰੀ ਵਿਜੇ ਵਿਵੇਕ ਤੇ ਸੇਵਾਮੁਕਤ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਸ. ਜਗਜੀਤ ਸਿੰਘ ਚਾਹਲ ਹੁਰਾਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਿੰਦਰ ਸੰਧੂ, ਸੱਚਦੇਵ ਗਿੱਲ ਅਤੇ ਮਨਮਿੰਦਰ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ ਨਾਲ ਕੀਤੀ ਗਈ। ਕੁਮਾਰ ਜਗਦੇਵ ਸਿੰਘ ਬਰਾੜ ਪ੍ਰਿੰਸੀਪਲ ਮਹਾਤਮਾ ਗਾਂਧੀ ਮੈਮੋਰੀਅਲ ਸੀਨੀ. ਸੈਕੰ. ਸਕੂਲ ਵੱਲੋਂ ਸਭ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਫ਼ਰੀਦਕੋਟ ਵਿੱਚ ਇਸ ਤਰ੍ਹਾਂ ਦਾ ਨਾਟਕ ਹੋਣਾ ਫ਼ਰੀਦਕੋਟ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਕਿਹਾ ਕਿ ਸੁਖਵਿੰਦਰ ਅੰਮ੍ਰਿਤ ਪੰਜਾਬੀ ਦੀ ਉਹ ਸ਼ਾਇਰਾ ਹੈ ਜੋ ਪੰਜਾਬ ਦੀਆਂ ਸਮੁੱਚੀਆਂ ਔਰਤਾਂ ਦੀ ਆਵਾਜ਼ ਬਣ ਕੇ ਗੂੰਜਦੀ ਹੈ। ਇਸ ਮੌਕੇ ’ਤੇ ਬੋਲਦਿਆਂ ਜਗਜੀਤ ਸਿੰਘ ਚਾਹਲ ਨੇ ਕਿਹਾ ਕਿ ਰੰਗਮੰਚ ਇਕ ਸ਼ਕਤੀਸ਼ਾਲੀ ਵਿਧਾ ਹੈ ਅਤੇ ਸਾਹਿਤਕਾਰ ਦਾ ਲੋਕਾਂ ਦੇ ਜੀਵਨ ਵਿੱਚ ਬਹੁਤ ਵੱਡਾ ਅਤੇ ਡੂੰਘਾ ਪ੍ਰਭਾਵ ਹੁੰਦਾ ਹੈ।ਇਸ ਉਪਰੰਤ ਲਗਭਗ 2 ਘੰਟੇ ਨਾਟਕ ਦੀ ਪੇਸ਼ਕਾਰੀ ਚਲਦੀ ਰਹੀ। ਇਸ ਪੇਸ਼ਕਾਰੀ ਦੌਰਾਨ ਅਦਾਕਾਰਾ ਨੂਰਕਮਲ ਨੇ ਆਪਣੀ ਅਦਾਕਾਰੀ ਦੇ ਤਲਿਸਮ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਹਰ ਦਰਸ਼ਕ ਦੀਆਂ ਅੱਖਾਂ ਨਮ ਹੁੰਦੀਆਂ ਰਹੀਆਂ। ਸੁਖਵਿੰਦਰ ਅੰਮ੍ਰਿਤ ਦੇ ਸਮੁੱਚੇ ਸੰਘਰਸ਼ਮਈ ਜੀਵਨ ਦੀ ਭਾਵੁਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਨਾਟਕ ਦੀ ਸਮਾਪਤੀ ਉਪਰੰਤ ਸੁਖਵਿੰਦਰ ਅੰਮ੍ਰਿਤ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਪੰਜਾਬ ਦੀ ਹਰ ਕੁੜੀ ਰਾਹਾਂ ਵਿਚਲੇ ਅੰਗਿਆਰਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਸੁਪਨਿਆਂ ਦੀ ਪਰਵਾਜ਼ ਭਰੇ। ਮੰਚ ਸੰਚਾਲਨ ਦੀ ਭੂਮਿਕਾ ਜਸਵਿੰਦਰਪਾਲ ਸਿੰਘ ਮਿੰਟੂ ਨੇ ਬਾਖ਼ੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਪ੍ਰੋ. ਬੀਰਇੰਦਰ ਸਰਾਂ ਨੇ ਆਏ ਹੋਏ ਮਹਿਮਾਨਾਂ, ਸਰੋਤਿਆਂ ਅਤੇ ਨਾਟਕ ਟੀਮ ਅਕਸ ਰੰਗਮੰਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਟਕ ਦੀ ਛਾਪ ਫ਼ਰੀਦਕੋਟ ਵਾਸੀਆਂ ਦੇ ਦਿਲਾਂ ’ਤੇ ਚਿਰਾਂ ਤੱਕ ਰਹੇਗੀ। ਇਸ ਮੌਕੇ ਪ੍ਰਸਿੱਧ ਚਿੱਤਰਕਾਰ ਪ੍ਰੀਤ ਭਗਵਾਨ ਸਿੰਘ ਵੱਲੋਂ ਲਗਾਈ ਗਈ ਚਿੱਤਰ ਪ੍ਰਦਰਸ਼ਨੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਸਮਾਗਮ ਵਿੱਚ ਪ੍ਰੋ. ਸਾਧੂ ਸਿੰਘ, ਸਾਬਕਾ ਮੈਂਬਰ ਪਾਰਲੀਮੈਂਟ, ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਪ੍ਰਸਿੱਧ ਪੰਜਾਬੀ ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਦਿਲਬਾਗ ਚਹਿਲ, ਗੀਤਕਾਰ ਕੁਲਦੀਪ ਕੰਡਿਆਰਾ, ਰਾਜਪਾਲ ਸਿੰਘ ਸੰਧੂ, ਖੁਸ਼ਵੰਤ ਬਰਗਾੜੀ, ਜਸਵਿੰਦਰ ਸੰਧੂ, ਰੰਗ ਹਰਜਿੰਦਰ, ਰਾਜਿੰਦਰ ਬੁੱਲਟ, ਸ਼ਾਇਰਾ ਮਨ ਮਾਨ, ਪਰਮਜੀਤ ਕੌਰ ਸਰਾਂ, ਸ਼ਿਵਨਾਥ ਦਰਦੀ ਆਦਿ ਸਮੇਤ ਬਹੁਤ ਸਾਰੀਆਂ ਪ੍ਰਸਿੱਧ ਸਖਸ਼ੀਅਤਾਂ ਨੇ ਹਾਜ਼ਰ ਹੋ ਕੇ ਨਾਟਕ ਦਾ ਆਨੰਦ ਮਾਣਿਆ।