ਨਿਵੇਕਲੇ ਢੰਗ ਨਾਲ ਮਨਾਇਆ ਜਨਮ ਦਿਨ।
ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ: ਪ੍ਰਿੰਸੀਪਲ ਡਾ. ਬਿਮਲ ਸ਼ਰਮਾ
ਬਠਿੰਡਾ, 31 ਮਾਰਚ – (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਦੇ ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ ਡਾ. ਬਿਮਲ ਸ਼ਰਮਾ ਨੇ ਕਾਲਜ ਕੈਂਪਸ ਅਤੇ ਸਾਹੀਵਾਲ ਫਾਰਮ ਤੇ ਬੂਟੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਵਲੋਂ ਡਾ. ਸ਼ਰਮਾ ਨੂੰ ਜਨਮ ਦਿਨ ਦੀ ਮੁਬਾਰਕ ਬਾਦ ਦਿੱਤੀ ਗਈ ਅਤੇ ਕੇਕ ਕੱਟਿਆ ਗਿਆ। ਇਸ ਮੌਕੇ ਫਾਰਮ ਕੰਮ ਕਰਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨਾ ਹਰ ਇੱਕ ਵਿਅਕਤੀ ਦੀ ਜਿੰਮੇਵਾਰੀ ਹੈ। ਮਨੁੱਖ ਆਪਣੇ ਸੁਆਰਥ ਲਈ ਰੁੱਖ ਲਗਾਉਣ ਦੀ ਬਜਾਏ, ਉਹਨਾਂ ਦੀ ਲਗਾਤਾਰ ਕਟਾਈ ਕਰ ਰਿਹਾ ਹੈ ਜੋ ਕਿ ਕੁਦਰਤ ਨਾਲ ਖਿਲਵਾੜ ਹੈ ਅਤੇ ਇਸ ਦਾ ਖਮਿਆਜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਸਕਦਾ ਹੈ। ਅਸੀਂ ਵੱਖ-ਵੱਖ ਥਾਵਾਂ ਉੱਪਰ ਪੌਦੇ ਤਾਂ ਲਗਾਉਂਦੇ ਹਾਂ ਪ੍ਰੰਤੂ ਉਹਨਾਂ ਪੌਦਿਆਂ ਦੀ ਸਹੀ ਦੇਖਭਾਲ ਨਾ ਹੋਣ ਕਰਕੇ ਉਹ ਪੌਦੇ ਕੁੱਝ ਹੀ ਦਿਨਾਂ ਵਿੱਚ ਸੁੱਕ ਜਾਂਦੇ ਹਨ ਜਿਸ ਕਾਰਨ ਰੁੱਖਾਂ ਦੀ ਗਿਣਤੀ ਵੱਧਣ ਦੀ ਥਾਂ ਦਿਨ ਪ੍ਰਤੀ ਦਿਨ ਘੱਟਦੀ ਜਾ ਰਹੀ ਹੈ। ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਰੁੱਖ ਕਾਰਬਨ ਡਾਈਆਕਸਾਈਡ ਸੋਖ ਲੈਂਦੇ ਹਨ ਅਤੇ ਇਸਦੇ ਬਦਲੇ ਸਾਨੂੰ ਆਕਸੀਜਨ ਦਿੰਦੇ ਹਨ। ਰੁੱਖ ਵਾਤਾਵਰਣ ਨੂੰ ਸੁੱਧ ਕਰਨ ਅਤੇ ਹਰਿਆ ਭਰਿਆ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਆਵਾਜਾਈ ਦੇ ਸਾਧਨ ਵੱਧ ਜਾਣ ਕਾਰਨ ਵਾਤਾਵਰਣ ਪਲੀਤ ਹੋ ਰਿਹਾ ਹੈ ਅਤੇ ਰੁੱਖਾਂ ਦੀ ਘੱਟ ਰਹੀ ਗਿਣਤੀ ਕਾਰਨ ਤਾਪਮਾਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਣ ਨੂੰ ਪ੍ਰਦੂਸਣ ਮੁਕਤ ਕਰਨਾ ਚਾਹੀਦਾ ਹੈ। ਰੁੱਖ ਜਿੱਥੇ ਸਾਨੂੰ ਆਕਸੀਜਨ ਅਤੇ ਛਾਂ ਦਿੰਦੇ ਹਨ ਉੱਥੇ ਹੀ ਬਰਸਾਤ ਲਿਆਉਣ ਵਿੱਚ ਸਹਾਈ ਹੁੰਦੇ ਹਨ। ਡਾ. ਸ਼ਰਮਾ ਨੇ ਕਿਹਾ ਕਿ ਸਾਨੂੰ ਹਰ ਸਾਲ ਰੁੱਖ ਲਗਾਉਣ ਦੇ ਨਾਲ-ਨਾਲ ਪਹਿਲਾਂ ਲੱਗੇ ਰੁੱਖਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਵਾਤਾਵਰਣ ਨੂੰ ਪ੍ਰਦੂਸਤ ਹੋਣ ਤੋਂ ਰੋਕ ਸਕੀਏ। ਇਸ ਮੌਕੇ ਡਾ. ਬਿਮਲ ਸ਼ਰਮਾ ਨੇ ਆਪਣੇ ਜਨਮ ਦਿਨ ਮੌਕੇ ਫਾਰਮ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਮਿਠਾਈਆਂ ਵੰਡੀਆਂ। ਇਸ ਮੌਕੇ ਸਟਾਫ ਮੈਂਬਰ ਡਾ.ਮਨਦੀਪ ਸਿੰਘ ,ਡਾ.ਅਜੇਵੀਰ ਸਿੰਘ ਧਾਲੀਵਾਲ,ਡਾ.ਮੋਹਿੰਦਰਪਾਲ ਸਿੰਘ,ਡਾ.ਸੁਮਨਪ੍ਰੀਤ ਕੌਰ,ਡਾ.ਰਜਨੀਸ਼ ਕੁਮਾਰ,ਗਗਨਪ੍ਰੀਤ ਕੌਰ,ਅਨਿਲ ਕੁਮਾਰ,ਸੁਖਦੀਪ ਕੌਰ ਆਦਿ ਵੀ ਹਾਜ਼ਰ ਸਨ ।