ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕੀਤਾ ਕਤਲ, ਘਰ ‘ਚ ਇਕੱਲਾ ਰਹਿੰਦਾ ਸੀ
ਬਰਨਾਲਾ, 2 ਜੁਲਾਈ (ਏਬੀਪੀ ਸਾਂਝਾ)- ਬਰਨਾਲਾ ਦੇ ਪਿੰਡ ਕਾਹਨੇਕੇ ਵਿੱਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਮ੍ਰਿਤਕ ਦੇ ਚਿਹਰੇ ਅਤੇ ਗਰਦਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਬਾਰ ਵਾਰ ਕੀਤੇ ਸਨ। ਪੁਲਿਸ ਨੇ ਫੋਰੈਂਸਿਕ ਟੀਮਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 48 ਸਾਲਾ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕਾਨੇਕੇ ਵਜੋਂ ਹੋਈ ਹੈ, ਜੋ ਨਿਹੰਗਾਂ ਦੀ ਜਥੇਬੰਦੀ ਬੁੱਢਾ ਦਲ ਨਾਲ ਸਬੰਧਤ ਸੀ।
ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਹਮਲਾ
ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਪਿਛਲੇ 25 ਸਾਲਾਂ ਤੋਂ ਪਿੰਡ ਵਿੱਚ ਆਪਣੇ ਘਰ ਵਿੱਚ ਇਕੱਲਾ ਰਹਿੰਦਾ ਸੀ। ਉਹ ਬੱਚਿਆਂ ਨੂੰ ਗੁਰਬਾਣੀ ਵੀ ਸੁਣਾਉਂਦਾ ਸੀ। ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਗੁਰਦਿਆਲ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਬਾਰੇ ਉਸ ਨੂੰ ਅੱਜ ਸਵੇਰੇ ਪਤਾ ਲੱਗਿਆ।
ਘਰ ਵਿੱਚ ਰਹਿੰਦਾ ਸੀ ਇਕੱਲਾ
ਮ੍ਰਿਤਕ ਦੀ ਲਾਸ਼ ਘਰ ‘ਚ ਖੂਨ ਨਾਲ ਲੱਥਪੱਥ ਮਿਲੀ ਸੀ। ਮ੍ਰਿਤਕ ਆਪਣੇ ਪਰਿਵਾਰ ਤੋਂ ਦੂਰ ਪਿੰਡ ਦੇ ਇੱਕ ਘਰ ਵਿੱਚ ਇਕੱਲਾ ਰਹਿੰਦਾ ਸੀ। ਥਾਣਾ ਰੂੜੇਕੇ ਕਲਾਂ ਦੇ ਐਸਐਚਓ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿਕ ਟੀਮ ਵੀ ਕਤਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ’ਤੇ ਨਜ਼ਰ ਰੱਖ ਰਹੀ ਹੈ। ਥਾਣਾ ਸਦਰ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।