ਨਿੱਜਰ ਮਾਮਲੇ ‘ਤੇ ਭਾਰਤ ਦਾ ਕੈਨੇਡਾ ਨੂੰ ਕਰਾਰਾ ਜਵਾਬ, ਡਿਪਲੋਮੈਟ ਨੂੰ 5 ਦਿਨਾਂ ‘ਚ ਦੇਸ਼ ਛੱਡਣ ਦਾ ਹੁਕਮ
ਕੈਨੇਡਾ, 19 ਸਤੰਬਰ (ਡੇਲੀ ਪੋਸਟ ਪੰਜਾਬੀ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਏਜੰਸੀਆਂ ‘ਤੇ ਵੱਡੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ‘ਚ ਭਾਰਤ ਦਾ ਹੱਥ ਹੈ। ਇਸ ਦੇ ਬਾਅਦ ਭਾਰਤ ਨੇ ਕੈਨੇਡੀਆਈ ਹਾਈ ਕਮਿਸ਼ਨਰ ਕੈਮਰੂਨ ਮੈਕੇ ਨੂੰ ਨਵੀਂ ਦਿੱਲੀ ਦੇ ਸਾਊਥ ਬਲਾਕ ਸਥਿਤ ਵਿਦੇਸ਼ ਮੰਤਰਾਲੇ ਮੁੱਖ ਦਫਤਰ ਵਿਚ ਬੁਲਾਇਆ ਤੇ ਉਨ੍ਹਾਂ ਨੂੰ 5 ਦਿਨ ਦੇ ਅੰਦਰ ਦੇਸ਼ ਛੱਡ ਕੇ ਜਾਣ ਨੂੰ ਕਿਹਾ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਕੈਨੇਡੀਆਈ ਪੀਐੱਮ ਦੇ ਦੋਸ਼ਾਂ ਨੂੰ ‘ਪੂਰੀ ਤਰ੍ਹਾਂ ਤੋਂ ਖਾਰਜ’ ਕਰ ਦਿੱਤਾ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਦੇ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਫੈਸਲਾ ਸਾਡੇ ਅੰਦਰੂਨੀ ਮਾਮਲਿਆਂ ਵਿਚ ਕੈਨੇਡਾ ਦੇ ਡਿਪਲੋਮੈਟ ਦੇ ਦਖਲ ਨੂੰ ਲੈ ਕੇ ਭਾਰਤ ਦੀਆਂ ਵਧਦੀਆਂ ਚਿੰਤਾਵਾਂ ਨੂੰ ਦਰਸਾਉਂਦਾ ਹੈ। ਹਰਦੀਪ ਸਿੰਘ ਨਿੱਜਰ ਦੀ ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੇ ਵਿਚ 18 ਜੂਨ ਨੂੰ ਇਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਟਰੂਡੋ ਨੇ ਸੋਮਵਾਰ ਨੂੰ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਸ’ ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਕੈਨੇਡਾ ਦੇ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਵਿਚ ਭਾਰਤ ਸਰਕਾਰ ਨੇ ਏਜੰਟ ਦੀ ਸ਼ਮੂਲੀਅਤ ਦੇ ਪੁਖਤਾ ਸਬੂਤਾਂ ਦੀ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ।
ਟਰੂਡੋ ਦੇ ਦੋਸ਼ਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਇਨ੍ਹਾਂ ਨੂੰ ‘ਬੇਤੁਕਾ’ ਤੇ ‘ਬੇਬੁਨਿਆਦ’ ਕਰਾਰ ਦਿੱਤਾ। ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਹਿੰਸਾ ਦੇ ਕਿਸੇ ਵੀ ਕੰਮ ਵਿਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਬੇਤੁਕੇ ਤੇ ਬੇਬੁਨਿਆਦ ਹਨ।