ਨੌਜਵਾਨਾਂ ਵੱਲੋਂ ਪੀਆਰਟੀਸੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕਰਨ ਦਾ ਮਾਮਲਾ ਗਰਮਾਇਆ
* ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਪੀਆਰਟੀਸੀ ਮੁਲਾਜ਼ਮ ਬਰਨਾਲਾ ਡਿਪੂ ’ਤੇ ਹੜਤਾਲ ’ਤੇ
ਬਰਨਾਲਾ, 16 ਜੂਨ (ਬਾਬੂਸ਼ਾਹੀ)- ਸ਼ਹਿਰ ਦੇ ਮੁੱਖ ਬੱਸ ਸਟੈਂਡ ਸਮੇਤ ਵੱਖ-ਵੱਖ ਚੌਰਾਹਿਆਂ ‘ਤੇ ਖੜ੍ਹੀਆਂ ਪੀ.ਆਰ.ਟੀ.ਸੀ ਦੀਆਂ ਬੱਸਾਂ ਨੇ ਬੱਸ ਸਟੈਂਡ ‘ਤੇ ਬਰਨਾਲਾ ਪੁਲਸ ਖਿਲਾਫ ਧਰਨਾ ਦਿੱਤਾ। ਬੱਸ ਸਟੈਂਡ ਅੰਦਰ ਕੋਈ ਵੀ ਬੱਸ ਨਹੀਂ ਵੜੀ। ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਮੁਲਾਜ਼ਮਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਮੁਲਾਜ਼ਮਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕਰੀਬ 20/30 ਨੌਜਵਾਨਾਂ ਨੇ ਬਰਨਾਲਾ ਦੇ ਬੱਸ ਸਟੈਂਡ ’ਤੇ ਆ ਕੇ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਦੀ ਕੁੱਟਮਾਰ ਕੀਤੀ ਸੀ। ਜਿਸ ਤੋਂ ਬਾਅਦ ਸਾਡੇ ਹੋਰ ਸਾਥੀਆਂ ਨੇ ਕੰਡਕਟਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਕੰਡਕਟਰ ਦੇ ਸਿਰ ‘ਤੇ ਇੱਟ ਵੱਜਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਹੈ। ਜਿਸ ਦੇ ਖਿਲਾਫ ਅਸੀਂ ਬੀਤੇ ਦਿਨੀਂ ਸੰਘਰਸ਼ ਦੀ ਚਿਤਾਵਨੀ ਦਿੱਤੀ ਸੀ। ਇਸੇ ਤਹਿਤ ਅੱਜ ਬਰਨਾਲਾ ਪੀ.ਆਰ.ਟੀ.ਸੀ ਡਿਪੂ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਡਿਪੂ ਦੇ ਮੈਨੇਜਰ ਦੀ ਸਾਡੇ ਨਾਲ ਮੀਟਿੰਗ ਚੱਲ ਰਹੀ ਸੀ। ਜਿਸ ਦੌਰਾਨ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਸਾਡੇ ਮੁਲਾਜ਼ਮ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਸਾਡੇ ਪੀ.ਆਰ.ਟੀ.ਸੀ ਮੁਲਾਜ਼ਮਾਂ ਨੂੰ ਕੁਝ ਵੀ ਹੋਇਆ ਤਾਂ ਇਹ ਸੰਘਰਸ਼ ਪੂਰੇ ਪੰਜਾਬ ਵਿੱਚ ਜਾਵੇਗਾ। ਅਸੀਂ ਮੰਗ ਕਰਦੇ ਹਾਂ ਕਿ ਕੰਡਕਟਰ ‘ਤੇ ਹਮਲਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ੍ਹ ਤੋਂ ਪੂਰੇ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਰੋਕ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਜ਼ਖਮੀ ਬੱਸ ਦੇ ਕੰਡਕਟਰਾਂ ਜਜਬੀਰ ਸਿੰਘ ਅਤੇ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੀ.ਆਰ.ਟੀ.ਸੀ ਦੀ ਬੱਸ ਬਰਨਾਲਾ ਤੋਂ ਤਲਵੰਡੀ ਸਾਬੋ ਜਾਂਦੀ ਹੈ। ਕੁਝ ਨੌਜਵਾਨ ਹਰ ਰੋਜ਼ ਆ ਕੇ ਬੱਸ ਦੀ ਖਿੜਕੀ ਵਿੱਚ ਖੜ੍ਹੇ ਹੋ ਕੇ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ। ਉਕਤ ਨੌਜਵਾਨ ਬੱਸ ‘ਚ ਬੈਠ ਕੇ ਲੜਕੀਆਂ ਨਾਲ ਗੱਲਾਂ ਕਰਦਾ ਰਹਿੰਦਾ ਹੈ। ਜਦੋਂ ਇਨ੍ਹਾਂ ਨੌਜਵਾਨਾਂ ਨੂੰ ਸਾਡੇ ਵੱਲੋਂ ਰੋਕਿਆ ਗਿਆ ਤਾਂ ਇਨ੍ਹਾਂ ਨੌਜਵਾਨਾਂ ਨੇ ਮੈਨੂੰ ਬੱਸ ਵਿੱਚੋਂ ਉਤਾਰ ਕੇ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਮੇਰਾ ਨਕਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਮੇਰੇ ਬਚਾਅ ਲਈ ਆਏ ਮੇਰੇ ਇਕ ਕੰਡਕਟਰ ਸਾਥੀ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਸਿਰ ‘ਤੇ ਇੱਟ ਮਾਰੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਨ ਸਾਡੇ ਪੀਆਰਟੀਸੀ ਮੁਲਾਜ਼ਮਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।