ਨੌਜਵਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲੇ ਵਿਖੇ ਫੌਜ ਵਿੱਚ ਭਰਤੀ ਲਈ ਲੈ ਸਕਦੇ ਹਨ ਟਰੇਨਿੰਗ- ਡਿਪਟੀ ਕਮਿਸ਼ਨਰ
ਫਰੀਦਕੋਟ, 26 ਅਗਸਤ (ਪੰਜਾਬ ਡਾਇਰੀ)- ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਅਗਨੀਵੀਰ, ਫੌਜ, ਪੈਰਾ ਮਿਲਟਰੀ ਫੋਰਸਾਂ, ਪੰਜਾਬ ਪੁਲਿਸ, ਅਗਨੀਵੀਰ ਏਅਰ ਫੋਰਸ ਅਤੇ ਅਗਨੀਵੀਰ ਨੇਵੀ ਦੀ ਫਿਜ਼ੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਕਰਵਾਈ ਜਾਂਦੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਵਿੱਚ ਜਾਣ ਸਮੇਂ ਨੌਜਵਾਨ ਆਪਣੀ ਆਨ ਲਾਈਨ ਰਜਿਸਟਰੇਸ਼ਨ ਦੀ ਕਾਪੀ, ਨਤੀਜੇ ਦੀ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ ਤੇ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਬੈਂਕ ਖਾਤੇ (ਖਾਤਾ ਚਾਲੂ ਹਾਲਤ ਵਿੱਚ ਹੋਵੇ) ਦੀ ਫੋਟੋ ਸਟੇਟ ਕਾਪੀ ਲੈ ਕੇ ਜਾਣ ।
ਇਸ ਤੋਂ ਇਲਾਵਾ ਚਾਰ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਜਾਣ।
ਉਨ੍ਹਾਂ ਕਿਹਾ ਕਿ ਟ੍ਰੇਨਿੰਗ ਲਈ ਨੌਜਵਾਨ ਦੀ ਛਾਤੀ ਬਿਨ੍ਹਾਂ ਫੁਲਾਏ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਰਕਾਰ ਵੱਲੋਂ ਵਜੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫ਼ਾ ਵੀ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੈਂਪ ਵਿੱਚ ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਵੀ ਬਿਲਕੁਲ ਮੁਫਤ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੀ ਕਿਸੇ ਵੀ ਕਿਸਮ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ। ਉਨ੍ਹਾਂ ਜਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਨੋਜਵਾਨ ਦਸਵੀਂ ਅਤੇ ਬਾਰਵੀਂ ਪਾਸ ਹਨ, ਉਹ ਇਸ ਟ੍ਰੇਨਿੰਗ ਕੈਂਪ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ।