ਪਰਮਜੀਤ ਸਿੰਘ ਭਿਓਰਾ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਵਲੋਂ ਖਾਰਜ; ਭਤੀਜੀ ਦੇ ਵਿਆਹ ਲਈ ਮੰਗੀ ਸੀ ਪੈਰੋਲ
ਚੰਡੀਗੜ੍ਹ, 23 ਅਕਤੂਬਰ (ਰੋਜਾਨਾ ਸਪੋਕਸਮੈਨ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ’ਚ ਜੇਲ ਵਿਚ ਬੰਦ ਪਰਮਜੀਤ ਸਿੰਘ ਭਿਓਰਾ ਦੀ ਜ਼ਮਾਨਤ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਭਿਓਰਾ ਨੇ 29 ਅਕਤੂਬਰ ਨੂੰ ਦਿੱਲੀ ‘ਚ ਹੋਣ ਵਾਲੇ ਅਪਣੀ ਭਤੀਜੀ ਦੇ ਵਿਆਹ ‘ਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਸੀ। ਬੇਅੰਤ ਸਿੰਘ ਕਤਲ ਕੇਸ ਅਤੇ ਬੁੜੈਲ ਜੇਲ ਬ੍ਰੇਕ ਕੇਸ ‘ਚ ਸਜ਼ਾਯਾਫ਼ਤਾ ਪਰਮਜੀਤ ਭਿਓਰਾ ਨੇ ਸੋਮਵਾਰ ਨੂੰ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਭਤੀਜੀ ਦੇ ਵਿਆਹ ਲਈ ਛੇ ਘੰਟਿਆਂ ਦੀ ਪੈਰੋਲ ਦੀ ਮੰਗ ਕੀਤੀ ਸੀ।
ਦਾਇਰ ਪਟੀਸ਼ਨ ਵਿਚ ਭਿਓਰਾ ਨੇ ਕਿਹਾ ਕਿ ਉਸ ਦੀ ਭਤੀਜੀ ਦਾ ਵਿਆਹ 29 ਅਕਤੂਬਰ ਨੂੰ ਦਿੱਲੀ ‘ਚ ਹੈ ਜਿਸ ਵਿਚ ਉਹ ਸ਼ਾਮਲ ਹੋਣਾ ਚਾਹੁੰਦਾ ਹੈ। ਇਸ ਲਈ ਉਸ ਨੂੰ 29 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤਕ ਛੇ ਘੰਟਿਆਂ ਲਈ ਪੈਰੋਲ ਦਿਤੀ ਜਾਵੇ।
ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਭਿਓਰਾ ਬੇਅੰਤ ਸਿੰਘ ਧਮਾਕੇ ਵਿਚ ਜਗਤਾਰ ਸਿੰਘ ਹਵਾਰਾ ਦਾ ਸਹਿਯੋਗੀ ਸੀ ਅਤੇ ਉਨ੍ਹਾਂ ਉਤੇ ਦੋਸ਼ ਸੀ ਕਿ ਉਨ੍ਹਾਂ ਨੇ ਕਤਲ ਵਿਚ ਵਰਤੀ ਗਈ ਕਾਰ ਖ਼ਰੀਦੀ ਸੀ। ਭਿਓਰਾ ਨੂੰ 1997 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 2004 ਤਕ ਬੁੜੈਲ ਜੇਲ ਵਿਚ ਰਹੇ। ਜਿਹੜੇ ਚਾਰ ਕੈਦੀ ਬੁੜੈਲ ਜੇਲ ਵਿਚੋਂ ਸੁਰੰਗ ਪੁੱਟ ਕੇ ਫ਼ਰਾਰ ਹੋਏ ਸੀ ਉਨ੍ਹਾਂ ਵਿਚ ਭਿਓਰਾ ਵੀ ਸ਼ਾਮਲ ਸੀ। ਉਨ੍ਹਾਂ ਨੂੰ ਮਾਰਚ 2006 ਵਿਚ ਮੁੜ ਗ੍ਰਿਫਤਾਰ ਕੀਤਾ ਗਿਆ ਸੀ। ਭਿਓਰਾ ਨੂੰ ਕਦੇ ਵੀ ਨਿਯਮਤ ਪੈਰੋਲ ਨਹੀਂ ਦਿਤੀ ਗਈ। ਉਨ੍ਹਾਂ ਨੂੰ ਦੋ ਸਾਲ ਸੱਤ ਮਹੀਨੇ ਤੋਂ ਵੱਧ ਰਿਮੀਸ਼ਨ ਮਿਲੀ ਹੈ। ਜਿਸ ਨੂੰ ਮਿਲਾ ਕੇ ਉਨ੍ਹਾਂ ਦੀ ਸਜ਼ਾ 24 ਸਾਲ ਤੋਂ ਵੱਧ ਬਣਦੀ ਹੈ।
ਲਗਭਗ ਪੰਜ ਸਾਲ ਪਹਿਲਾਂ ਭਿਓਰਾ ਨੇ ਅਪਣੀ ਬਿਮਾਰ ਬਜ਼ੁਰਗ ਮਾਂ ਪ੍ਰੀਤਮ ਕੌਰ ਜਿਨ੍ਹਾਂ ਦੀ ਉਮਰ ਉਸ ਵੇਲੇ ਲਗਭਗ 93 ਸਾਲ ਸੀ, ਨੂੰ ਦੇਖਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕੁੱਝ ਘੰਟਿਆਂ ਲਈ ਜੇਲ ਤੋਂ ਰਿਹਾਈ ਦੀ ਮੰਗ ਕੀਤੀ ਸੀ ਪਰ ਸੀ.ਬੀ.ਆਈ. ਨੇ ਉਨ੍ਹਾਂ ਦੀ ਪ੍ਰਾਰਥਨਾ ਦਾ ਵਿਰੋਧ ਕੀਤਾ। ਸੀ.ਬੀ.ਆਈ. ਦਾ ਤਰਕ ਸੀ ਕਿ ਭਿਓਰਾ ਨੇ ਸਾਥੀਆਂ ਨਾਲ ਮਿਲ ਕੇ ਬੁੜੈਲ ਜੇਲ ਵਿਚੋਂ ਸੁਰੰਗ ਪੁੱਟੀ ਸੀ ਅਤੇ ਉਨ੍ਹਾਂ ਸਮੇਤ ਦੋ ਹੋਰ ਮੁਲਜ਼ਮ ਵੀ ਜੇਲ ਵਿਚੋਂ ਫ਼ਰਾਰ ਹੋ ਗਏ ਸਨ। ਹਾਲਾਂਕਿ ਸੀ.ਬੀ.ਆਈ. ਤੇ ਭਿਓਰਾ ਦੀ ਇਸ ਗੱਲ ‘ਤੇ ਸਹਿਮਤੀ ਬਣੀ ਕਿ ਬਿਰਧ ਮਾਂ ਅਤੇ ਭਿਓਰਾ ਦੀ ਮੁਲਾਕਾਤ ਜੇਲ ਵਿਚ ਹੀ ਕਰਵਾਈ ਜਾ ਸਕਦੀ ਹੈ ਜਿਸ ਦੇ ਹੁਕਮ ਅਦਾਲਤ ਵਲੋਂ ਦਿਤੇ ਗਏ ਸਨ।