ਪਰਲ ਕੰਪਨੀ ਦੇ ਠੱਗੇ ਲੋਕਾਂ ਲਈ ਰਾਹਤ ਵਾਲੀ ਵੱਡੀ ਖ਼ਬਰ, ਸਰਕਾਰ ਦਾ ਵੱਡਾ ਐਕਸ਼ਨ, ਹੁਣ ਹੋਵੇਗਾ ਇੰਤਜ਼ਾਰ ਖ਼ਤਮ
ਚੰਡੀਗੜ੍ਹ, 29 ਜੂਨ (ਏਬੀਪੀ ਸਾਂਝਾ)- ਪਰਲ ਗਰੁੱਪ ਵੱਲੋਂ ਲੱਖਾਂ ਲੋਕਾਂ ਨਾਲ ਕੀਤੀ ਧੋਖਾਧੜੀ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਪੰਜਾਬ ਵਿੱਚ ਕੰਪਨੀ ਦੀ 500 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਅਤੇ ਰੇਂਜ ਰੋਵਰ ਸਮੇਤ ਹੋਰ ਮਹਿੰਗੀਆਂ ਗੱਡੀਆਂ ਵੀ ਸਾਹਮਣੇ ਆਈਆਂ ਹਨ।
ਨਵੇਂ ਤੱਥ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਹੈ, ਜਿਸ ਦੀ ਅਗਵਾਈ ਏਆਈਜੀ ਪੱਧਰ ਦੇ ਅਧਿਕਾਰੀ ਕਰਨਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਠੱਗੇ ਗਏ ਲੋਕਾਂ ਦੇ ਪੈਸੇ ਵਾਪਿਸ ਕਰਵਾਉਣ ਦੀ ਯੋਜਨਾ ਵੀ ਤਿਆਰ ਕਰ ਲਈ ਹੈ। ਸਰਕਾਰ 14 ਪ੍ਰਮੁੱਖ ਜਾਇਦਾਦਾਂ ਨੂੰ ਕੁਝ ਲੋਕਾਂ ਦੇ ਕਬਜ਼ੇ ਤੋਂ ਮੁਕਤ ਕਰਾਏਗੀ ਅਤੇ ਉਨ੍ਹਾਂ ਦੀ ਵਰਤੋਂ ਖੇਤੀਬਾੜੀ ਅਤੇ ਹੋਰ ਕਾਰੋਬਾਰਾਂ ਲਈ ਕਰੇਗੀ।
ਹੁਣ ਤੱਕ ਪਛਾਣੀਆਂ ਗਈਆਂ 14 ਜਾਇਦਾਦਾਂ ਵਿੱਚੋਂ ਸਭ ਤੋਂ ਵੱਧ 8 ਜਾਇਦਾਦਾਂ ਰੋਪੜ ਵਿੱਚ ਹਨ। ਫ਼ਿਰੋਜ਼ਪੁਰ ਦੇ ਜ਼ੀਰਾ ਅਤੇ ਮੁਹਾਲੀ ਵਿੱਚ ਦਰਜ ਕੇਸਾਂ ਵਿੱਚ ਹੁਣ ਤੱਕ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐਸਆਈਟੀ ਨੇ ਇਸ ਸਬੰਧ ਵਿੱਚ ਲੋਢਾ ਕਮੇਟੀ ਨਾਲ ਰਿਕਾਰਡ ਵੀ ਸਾਂਝਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਢਾ ਕਮੇਟੀ ਨੂੰ ਸਹਿਯੋਗ ਦੇਣ ਦੀ ਗੱਲ ਕਹੀ ਸੀ।
ਇਹਨਾਂ ਥਾਵਾਂ ‘ਤੇ ਜਾਇਦਾਦਾਂ ਦੀ ਹੋਈ ਪਛਾਣ
• ਕਰੀਮਪੁਰ ਤਹਿਸੀਲ ਦਾਖਾ, ਲੁਧਿਆਣਾ ਵਿੱਚ 4 ਏਕੜ 1 ਕਨਾਲ 14 ਮਰਲੇ।
• ਨਵਾਂਸ਼ਹਿਰ ਦੇ ਤਪਦੀਆਂ ਵਿੱਚ 18 ਏਕੜ • ਰੋਪੜ ਦੇ ਮੌਜੀਦੀਨਪੁਰ ਵਿੱਚ 51 ਕਨਾਲ, ਗੁਰੂ ਵਿੱਚ 75 ਕਨਾਲ, ਖੰਡੋਲਾ ਵਿੱਚ 135 ਕਨਾਲ, ਪਿੰਡ ਖੰਡੋਲਾ ਵਿੱਚ 10 ਕਨਾਲ, ਪਿੰਡ ਸੁਲੇਮਾਨ ਵਿੱਚ 219 ਕਨਾਲ, ਅਟਾਰੀ ਵਿੱਚ 46 ਕਨਾਲ ਜ਼ਮੀਨ।
• ਬਠਿੰਡਾ ਵਿੱਚ ਵਪਾਰਕ ਪਲਾਟ, ਪੁਰਾਣਾ ਹਸਪਤਾਲ ਕਮਰਸ਼ੀਅਲ ਪਲਾਟ 21780 ਵਰਗ ਗਜ਼ ਮੱਛੀ ਮੰਡੀ ਦੇ ਸਾਹਮਣੇ, ਪ੍ਰਾਈਵੇਟ ਲਿਮਟਿਡ ਮਾਲ ਰੋਡ ‘ਤੇ 4.5 ਏਕੜ ਜ਼ਮੀਨ, ਭੋਖੜਾ ਵਿੱਚ ਵਪਾਰਕ ਪਲਾਟ 1 ਕਨਾਲ ਜ਼ਮੀਨ।
• ਮੋਹਾਲੀ ਵਿੱਚ ਵਪਾਰਕ ਪਲਾਟ।
ਦੇਸ਼ ਭਰ ‘ਚ 5.50 ਕਰੋੜ ਲੋਕਾਂ ਨਾਲ ਠੱਗੀ
ਪਰਲ ਗਰੁੱਪ ਨੇ ਪੰਜਾਬ ਦੇ 10 ਲੱਖ ਲੋਕਾਂ ਸਮੇਤ ਦੇਸ਼ ਦੇ 5.50 ਕਰੋੜ ਲੋਕਾਂ ਨੂੰ ਪ੍ਰਾਪਰਟੀ ਵਿੱਚ ਨਿਵੇਸ਼ ਕਰਨ ਦਾ ਮੌਕਾ ਦਿੱਤਾ। ਨਿਵੇਸ਼ਕਾਂ ਨੂੰ ਜਾਅਲੀ ਅਲਾਟਮੈਂਟ ਪੱਤਰ ਦੇ ਕੇ ਨਿਵੇਸ਼ ਕਰਨ ਦਾ ਝਾਂਸਾ ਦਿੱਤਾ ਗਿਆ ਅਤੇ ਪੈਸੇ ਦੀ ਗਬਨ ਕੀਤੀ ਗਈ। ਗਰੁੱਪ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।