ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕੀਤੀ ਜਿਲ੍ਹਾ ਪੱਧਰੀ ਸਟਾਫ ਮੀਟਿੰਗ
ਫਰੀਦਕੋਟ, 31 ਅਗਸਤ (ਪੰਜਾਬ ਡਾਇਰੀ)- ਡਾ. ਗੁਰਵਿੰਦਰ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਸਟਾਫ ਮੀਟਿੰਗ ਕੀਤੀ ਗਈ, ਜਿਸ ਵਿੱਚ ਜਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਵਿਸਥਾਰ ਅਫਸਰ, ਇੰਜੀਨੀਅਰਿੰਗ ਵਿੰਗ, ਅੰਕੜਾ ਵਿੰਗ, ਆਤਮਾ ਵਿੰਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ ।
ਮੀਟਿੰਗ ਦੀ ਸ਼ੁਰੂਆਤ ਵਿੱਚ ਡਾ. ਗਿੱਲ ਵੱਲੋਂ ਸਮੂਹ ਸਟਾਫ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਇਸ ਉਪਰੰਤ ਏਜੰਡਾ ਵਾਈਜ਼ ਵਿੰਗ ਵਾਈਜ਼ ਖੇਤੀ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਗਈ।
ਡਾ. ਗਿੱਲ ਵੱਲੋਂ ਅਧਿਕਾਰੀਆਂ ਤੋਂ ਫਸਲਾਂ ਦੀ ਤਾਜਾ ਸਥਿਤੀ ਬਾਰੇ ਪੁੱਛਿਆ ਗਿਆ, ਜਿਸ ਤੇ ਖੇਤੀ ਅਧਿਕਾਰੀਆਂ ਨੇ ਦੱਸਿਆ ਕਿ ਸਾਉਣੀ ਦੀਆਂ ਫਸਲਾਂ ਦੀ ਸਥਿਤੀ ਖਾਸ ਤੌਰ ਤੇ ਝੋਨੇ/ਬਾਸਮਤੀ ਅਤੇ ਨਰਮੇ ਦੀ ਫਸਲ ਬਹੁਤ ਵਧੀਆ ਖੜ੍ਹੀ ਹੈ ਅਤੇ ਕਿਸੇ ਕਿਸਮ ਦੀ ਬਿਮਾਰੀ ਜਾਂ ਕੀਟ ਦਾ ਹਮਲਾ ਆਰਥਿਕ ਕਗਾਰ ਪੱਧਰ ਤੋਂ ਵੱਧ ਨਹੀਂ ਹੈ ਅਤੇ ਇਸ ਵਾਰ ਫ਼ਸਲਾਂ ਦਾ ਚੰਗਾ ਝਾੜ ਆਉਣ ਦੀ ਪੂਰੀ ਸੰਭਾਵਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਹੜ੍ਹਾਂ ਨਾਲ ਜੋ ਫਸਲਾਂ ਖਰਾਬ ਹੋਈਆਂ ਸਨ, ਉੱਥੇ ਝੋਨੇ/ਬਾਸਮਤੀ ਦੀ ਬਿਜਾਈ ਦੁਬਾਰਾ ਕਰਵਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਡਾ. ਗਿੱਲ ਨੇ ਕੁਆਲਟੀ ਕੰਟਰੋਲ ਦੇ ਸਬੰਧ ਵਿੱਚ ਖੇਤੀ ਅਫਸਰਾਂ ਨੂੰ ਹਦਾਇਤ ਕੀਤੀ ਕਿ ਬੀਜ, ਖਾਦ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਸਮੇਂ-ਸਮੇਂ ਤੇ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵਿਅਕਤੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਉੱਪਰ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਸੀ.ਆਰ.ਐਸ. ਅਤੇ ਸਮੈਸ ਸਕੀਮ ਅਧੀਨ ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੇ ਪੈਂਡਿੰਗ ਕੇਸਾਂ ਨੂੰ ਵੈਰੀਫਾਈ ਕੀਤਾ ਜਾਵੇ। ਡਾ. ਗਿੱਲ ਵੱਲੋਂ ਬਲਾਕ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਆਪਣੇ ਬਲਾਕ ਅਧੀਨ ਆਉਂਦੇ ਸਮੂਹ ਕੰਬਾਇਨ ਮਾਲਿਕਾਂ ਨਾਲ ਮੀਟਿੰਗਾਂ ਕੀਤੀਆਂ ਜਾਣ ਅਤੇ ਕੰਬਾਇਨਾਂ ਤੇ ਐਸ.ਐਮ.ਐਸ. ਲਗਾਉਣਾ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਪਰਾਲੀ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਸਕੇ।
ਬਲਾਕ ਪੱਧਰ ਤੇ ਆਤਮਾ ਸਕੀਮ ਅਧੀਨ ਬਿਜਵਾਈਆਂ ਗਈਆਂ ਕਲਸਟਰ ਪ੍ਰਦਰਸ਼ਨੀਆਂ ਵਾਲੇ ਕਿਸਾਨਾਂ ਦੀ ਸੂਚੀ ਮੁਹੱਈਆ ਕਰਵਾਈ ਜਾਵੇ। ਅੰਕੜਾ ਵਿੰਗ ਅਧੀਨ ਖੇਤੀ ਗਣਨਾ ਦੇ ਕੰਮ ਨੂੰ ਤੇਜੀ ਨਾਲ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਡਾ. ਕੁਲਵੰਤ ਸਿੰਘ, ਭੋਂ ਪਰਖ ਅਫਸਰ ਫਰੀਦਕੋਟ ਅਤੇ ਇੰਜ਼ ਅਕਸ਼ਿਤ ਜੈਨ ਵੱਲੋਂ ਪੀ.ਏ.ਯੂ. ਲੁਧਿਆਣਾ ਵਿਖੇ ਲਗਾਈ ਗਈ ਹਾੜੀ ਦੀਆਂ ਫਸਲਾਂ ਦੀ ਵਰਕਸ਼ਾਪ ਸਬੰਧੀ ਸਮੂਹ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ।