ਪਰਾਲੀ ਨੂੰ ਅੱਗ ਨਾ ਲਗਾਉਣ ਦੀ ਚੱਲ ਰਹੀ ਜਾਗਰੂਕਤਾ ਮੁਹਿੰਮ
– ਬਾਬੇ ਨਾਨਕ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ – ਸਪੀਕਰ ਸੰਧਵਾਂ
– ਪੰਜਾਬ ਨੂੰ ਸਾਫ-ਸੁਥਰਾ ਅਤੇ ਰੰਗਲਾ ਬਣਾਈਏ-ਵਿਧਾਇਕ ਸੇਖੋਂ
– ਆਉਣ ਵਾਲੀ ਪੀੜੀ ਲਈ ਸੋਚਣਾ ਜਰੂਰੀ –ਵਿਧਾਇਕ ਅਮੋਲਕ ਸਿੰਘ
ਫਰੀਦਕੋਟ 18 ਅਕਤੂਬਰ (ਪੰਜਾਬ ਡਾਇਰੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਗਵਾਈ ਹੇਠ ‘ਪਰਾਲੀ ਨੂੰ ਨਾ ਸਾੜਨ’ ਦੀ ਮੁਹਿੰਮ ਬੜੇ ਜੋਸ਼ ਨਾਲ ਚਲਾ ਰਿਹਾ ਹੈ। ਜਿਸ ਤਹਿਤ ਕੈਂਪ ਰੈਲੀਆਂ ਅਤੇ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ। ਜਿਲ੍ਹੇ ਦੇ ਤਿੰਨਾਂ ਹਲਕਿਆਂ ਦੇ ਐਮ.ਐਲ.ਏ. ਵੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਕੇ ਅਤੇ ਆਪਣੇ ਵਿਚਾਰ ਸਾਂਝੇ ਕਰਕੇ ਇਸ ਮੁਹਿੰਮ ਵਿੱਚ ਵਿਭਾਗ ਦਾ ਸਾਥ ਦੇ ਰਹੇ ਹਨ, ਤਾਂ ਜੋ ਲੋਕਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ।
ਹਲਕਾ ਕੋਟਕਪੂਰਾ ਦੇ ਐਮ.ਐਲ.ਏ. ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਨੂੰ ਬਾਬੇ ਨਾਨਕ ਜੀ ਦੇ ਬਚਨਾਂ ‘ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।” ਇਹੋ ਸੁਨੇਹਾ ਦਿੰਦੇ ਹਨ ਕਿ ਕੁਦਰਤ ਦੇ ਅਮੁੱਲ ਖਜਾਨੇ ਹਵਾ, ਪਾਣੀ ਅਤੇ ਧਰਤੀ ਨੂੰ ਸਾਫ ਰੱਖਣਾ ਸਾਡਾ ਫਰਜ਼ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਸਿਰਫ ਵਾਤਾਵਰਨ ਹੀ ਦੂਸ਼ਿਤ ਨਹੀਂ ਹੁੰਦਾ ਬਲਕਿ ਕਈ ਅਣ-ਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਇਸ ਲਈ ਸਾਰੇ ਕਿਸਾਨਾਂ ਨੂੰ ਉਹਨਾਂ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ।
ਐਮ.ਐਲ.ਏ. ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਹਨਾਂ ਨੇ ਕਿਹਾ ਕਿ ਅਕਤੂਬਰ-ਨਵੰਬਰ ਦੇ ਸਮੇਂ ਦੌਰਾਨ ਪੰਜਾਬ ਦੀ ਹਵਾ ਏਨੀ ਦੂਸ਼ਿਤ ਹੋ ਜਾਂਦੀ ਹੈ ਕਿ ਸਭ ਲਈ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਖਾਸ ਕਰਕੇ ਬਜੁਰਗਾਂ ਅਤੇ ਬੱਚਿਆਂ ਲਈ। ਉਹਨਾਂ ਨੇ ਵਾਤਾਵਰਨ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਰਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਪੰਜਾਬ ਨੂੰ ਗੰਧਲਾ ਨਹੀਂ, ਸਗੋਂ ਸਾਫ-ਸੁਥਰਾ ਅਤੇ ਰੰਗਲਾ ਬਣਾਉਣ ਦੇ ਉੱਦਮ ਕਰਨੇ ਚਾਹੀਦੇ ਹਨ।
ਐਮ.ਐਲ.ਏ. ਜੈਤੋਂ ਸ. ਅਮੋਲਕ ਸਿੰਘ ਨੇ ਵੀ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਸਿਰਫ ਆਪਣਾ ਹੀ ਨੁਕਸਾਨ ਨਹੀਂ ਕਰ ਰਹੇ ਬਲਕਿ ਆਉਣ ਵਾਲੀ ਪੀੜੀ ਲਈ ਵੀ ਇੱਕ ਖਤਰਨਾਕ ਭਵਿੱਖ ਤਿਆਰ ਕਰ ਰਹੇ ਹਾਂ, ਕਿਉਂਕਿ ਪਰਾਲੀ ਸਾੜ ਕੇ ਅਸੀਂ ਹਵਾ ਗੰਧਲੀ ਤਾਂ ਕਰ ਹੀ ਰਹੇ ਹਾਂ ਪਰ ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਖਤਮ ਕਰ ਰਹੇ ਹਾਂ। ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਵਾਤਾਵਰਨ ਦਾ ਖਿਆਲ ਰੱਖੀਏ ਅਤੇ ਇੱਕ ਸਾਫ ਸੁਥਰਾ ਅਤੇ ਸੁੰਦਰ ਭਵਿੱਖ ਸਿਰਜੀਏ।