ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਅਤੇ ਕਿਸਾਨਾਂ ਨੂੰ ਜਾਗ੍ਰਿਤ ਕੀਤਾ
ਫਰੀਦਕੋਟ 15 ਨਵੰਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਹੁਕਮਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਜਿਸ ਵਿੱਚ ਡਾ. ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਬੀਜ) ਅਤੇ ਸ੍ਰੀ ਨਰਿੰਦਰ ਕੁਮਾਰ ਖੇਤੀਬਾੜੀ ਉਪ ਨਿਰੀਖਕ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਲਈ ਬਲਾਕ ਫਰੀਦਕੋਟ ਦੇ ਕਾਉਣੀ ਅਤੇ ਦੀਪ ਸਿੰਘ ਵਾਲਾ ਵਿਖੇ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਦੋ ਕਿਸਾਨਾਂ ਨੂੰ ਰੋਕਿਆ ਗਿਆ ਅਤੇ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਦੇ ਵੱਖ ਵੱਖ ਢੰਗ ਅਤੇ ਪਰਾਲੀ ਪ੍ਰਬੰਧਨ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਇਸ ਤੋਂ ਇਲਾਵਾ ਪਿੰਡ ਦੀਪ ਸਿੰਘ ਵਾਲਾ ਵਿਖੇ ਖੇਤ ਵਿੱਚ ਜਿਥੇ ਲਗਭਗ 35-40 ਕਿਸਾਨ ਮੌਜੂਦ ਸਨ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਬਾਰੇ ਦੱਸਿਆ ਗਿਆ ਅਤੇ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਦੀ ਵਿਧੀਆਂ ਬਾਰੇ ਦੱਸਿਆ ਗਿਆ।
ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਰਹੀ ਮਸ਼ੀਨਰੀ ਬਾਰੇ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਪਿੰਡ ਕਾਉਣੀ ਦੀਆਂ ਵੱਖ-ਵੱਖ ਥਾਵਾਂ ਉੱਤੇ ਵੀ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਬੇਨਤੀ ਕੀਤੀ ਗਈ ਕਿ ਝੋਨੇ ਦੀ ਪਰਾਲੀ ਨੂੰ ਨਾ ਸਾੜਿਆ ਜਾਵੇ।