ਪਾਕਿਸਤਾਨ ਨਾਲ ਮੁੰਦਰਾ(ਗੁਜਰਾਤ) ਬੰਦਰਗਾਹ ਰਾਹੀਂ ਵਪਾਰ ਫਿਰ ਹੂਸੈਨੀਵਾਲਾ ਤੇ ਵਾਹਘਾ ਰਾਹੀਂ ਕਿਓ ਨਹੀ-ਕਿਰਤੀ ਕਿਸਾਨ ਯੂਨੀਅਨ
* ਹੁਸੈਨੀਵਾਲਾ ਵਿਖੇ 20 ਸਤੰਬਰ ਨੂੰ ਕੀਤੀ ਜਾਵੇਗੀ ਵਿਸ਼ਾਲ ਕਾਨਫਰੰਸ:-
ਫਰੀਦਕੋਟ, 31 ਅਗਸਤ (ਪੰਜਾਬ ਡਾਇਰੀ) – ਕਿਰਤੀ ਕਿਸਾਨ ਯੂਨੀਅਨ ਨੇ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਭਾਰਤ-ਪਾਕਿਸਤਾਨ ਵਪਾਰ ਖੋਲ੍ਹਣ ਦੀ ਮੰਗ ਨੂੰ ਲੈ ਕੇ 18 ਸਤੰਬਰ ਨੂੰ ਅਟਾਰੀ ਵਿਖੇ ਅਤੇ 20 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਵਿਸ਼ਾਲ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਹੋਇਆ ਹੈ।
20 ਸਤੰਬਰ ਹੂਸੈਨੀਵਾਲਾ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੀ ਫਰੀਦਕੋਟ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਸੁਰਿੰਦਰਪਾਲ ਸਿੰਘ ਦਬੜੀਖਾਨਾ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕੇ ਹੂਸੈਨੀਵਾਲਾ ਕਾਨਫਰੰਸ ਲਈ ਮਾਲਵੇ ਦੇ ਜਿਲਿਆਂ ਚੋ ਕਿਸਾਨ ਮਜਦੂਰ ਟਰਾਂਸਪੋਰਟਰ ਛੋਟੇ ਵਪਾਰੀ ਆਦਿ ਲਾਮਬੰਦ ਕੀਤੇ ਜਾਣਗੇ ਕਿਓਕਿ ਇਹ ਮਸਲਾ ਸਮੁੱਚੇ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਿਲਾ ਪ੍ਰੈਸ ਸਕੱਤਰ ਜਗਦੀਪ ਸਿੰਘ ਦੀਪ ਸਿੰਘ ਵਾਲਾ ਜਿਲਾ ਮੀਤ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਤੇ ਜਿਲਾ ਸਕੱਤਰ ਸਰਦੂਲ ਸਿੰਘ ਕਾਸਿਮਭੱਟੀ ਨੇ ਕਿਹਾ ਕੇ ਵਾਘਾ ਤੇ ਹੂਸੇੈਨੀਵਾਲਾ ਰਾਹੀਂ ਵਪਾਰ ਖੁੱਲਣ ਨਾਲ ਪੰਜਾਬ ਦੀ ਕਿਸਾਨੀ,ਮਜਦੂਰਾਂ, ਛੋਟੀ ਸਨਅਤ ਵਪਾਰ ਤੇ ਟਰਾਂਸਪੋਰਟ ਨੂੰ ਬਹੁਤ ਲਾਹਾ ਹੋ ਸਕਦਾ ਹੈ।
ਵਰਣਨਯੋਗ ਹੈ ਕਿ ਭਾਰਤ ਸਰਕਾਰ ਨੇ 2019 ’ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉੱਪਰ 200% ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ। ਇਸਦੇ ਬਾਵਜੂਦ ਦੋਵੇਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦੀ ਰਕਮ ਦੇ ਲਗਭਗ ਵਪਾਰ ਹੋ ਰਿਹਾ ਹੈ ਜਿਸ ਵਿੱਚ ਭਾਰਤ ਤੋਂ ਖੰਡ, ਕਪਾਹ ਸਮੇਤ ਕਈ ਵਸਤਾਂ ਪਾਕਿਸਤਾਨ ਭੇਜੀਆਂ ਜਾਂਦੀਆਂ ਹਨ। ਪ੍ਰੰਤੂ ਇਹ ਵਪਾਰ ਜਿਆਦਾਤਰ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ।
ਮੌਜੂਦਾ ਸਮੇਂ ਦੋਹਾਂ ਮੁਲਕਾਂ ਵਿਚਕਾਰ 80% ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਡੁਬਈ ਰਾਹੀਂ ਹੋ ਰਿਹਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਟਰੱਕ ਉਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ 350 ਦੇ ਲਗਭਗ ਵਸਤਾਂ ਦਾ ਵਪਾਰ ਹੁੰਦਾ ਰਿਹਾ ਹੈ ਜੋ ਕਿ ਸਾਬਤ ਕਰਦਾ ਹੈ ਕਿ ਦੋਵੇਂ ਦੇਸ਼ ਵਪਾਰ ਦੇ ਮਾਮਲੇ ਵਿੱਚ ਇੱਕ-ਦੂਜੇ ’ਤੇ ਕਿੰਨੇ ਅੰਤਰ-ਨਿਰਭਰ ਹਨ। ਭਾਜਪਾ ਦੀ ਕੇਂਦਰ ਸਕਰਾਰ ਦੇ ਵਪਾਰ ਅਤੇ ਸਨਅਤ ਦੀ ਰਾਜ ਮੰਤਰੀ ਅਨੁਪ੍ਰੀਯਾ ਪਟੇਲ ਦੇ ਲੋਕ ਸਭਾ ਵਿੱਚ ਦਿੱਤੇ ਲਿਖਤੀ ਉੱਤਰ ਦੇ ਹਵਾਲੇ ਨਾਲ ਕਿਸਾਨ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿੱਚ ਮੌਜੂਦਾ ਸਮੇਂ 1.35 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ, ਜੇਕਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਇਹ ਖੋਲਿ੍ਹਆ ਜਾਵੇ ਤਾਂ ਇਸਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਹਨ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਕਿਸਾਨੀ ਅਤੇ ਪੰਜਾਬ ਦੀ ਖੇਤੀ ਅਧਾਰਿਤ ਆਰਥਿਕਤਾ ਸੰਕਟਗ੍ਰਸਤ ਹੈ, ਇਸਨੂੰ ਪੈਰਾਂ ਸਿਰ ਕਰਨ ਦੀ ਫੌਰੀ ਲੋੜ ਹੈ ਜਦੋਂਕਿ ਪਾਕਿਸਤਾਨ ਬੀਤੇ ਸਮੇਂ ਤੋਂ ਖੁਰਾਕੀ ਵਸਤਾਂ ਦੀ ਥੁੜ ਅਤੇ ਮਹਿੰਗਾਈ ਨਾਲ ਜੂਝ ਰਿਹਾ ਹੈ। ਸਾਡੇ ਇੱਥੋਂ ਅਨਾਜ, ਫ਼ਲ-ਗਿਰੀਆਂ, ਸਬਜੀਆਂ ਸਮੇਤ ਟਮਾਟਰ ਟਮਾਟਰ-ਪਿਆਜ, ਕਪਾਹ, ਜੀਰਾ, ਖਜੂਰਾਂ, ਕੇਲਾ ਅਤੇ ਹੋਰ ਖੁਰਾਕੀ ਵਸਤਾਂ ਦੀ ਪਾਕਿਸਤਾਨ ਵਿੱਚ ਵੱਡੀ ਮਾਤਰਾ ’ਚ ਖਪਤ ਹੋ ਸਕਦੀ ਹੈ। ਫ਼ਸਲੀ ਵਿਭਿੰਨਤਾ ਨੂੰ ਧਿਆਨ ’ਚ ਰਖਦਿਆਂ ਜੇਕਰ ਪੰਜਾਬ ’ਚ ਇਨ੍ਹਾਂ ਦੀ ਪੈਦਾਵਾਰ ਲਈ ਕਿਸਾਨਾਂ ਨੂੰ ਲਾਹੇਵੰਦ ਭਾਅ ਦੇ ਕੇ ਉਤਸ਼ਾਹਿਤ ਕੀਤਾ ਜਾਵੇ ਤਾਂ ਪਾਣੀ ਦੀ ਬਚਤ ਦੇ ਨਾਲ-ਨਾਲ ਇਹ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦਾ ਸਾਧਨ ਵੀ ਬਣੇਗੀ।
ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅੱਜ ਤੁਸ਼ਟੀਕਰਨ ਦੇ ਨਾਂ ਹੇਠ ਦੇਸ਼ ਵਿੱਚ ਭਾਜਪਾ ਵੱਲੋਂ ਘੱਟ ਗਿਣਤੀਆਂ ਅਤੇ ਆਦਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਫਿਰਕੂ-ਧਰੁਵੀਕਰਨ ਦੇ ਯਤਨਾਂ ਵਿੱਚ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਨੂੰ ਅਕਸਰ ਦੇਸ਼ ਵਿਰੋਧੀ ਗਰਦਾਰ ਦਿੱਤਾ ਜਾਂਦਾ ਪ੍ਰੰਤੂ ਹਕੀਕਤ ਇਹ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਸਮੁੰਦਰੀ ਰਸਤਿਆਂ ਰਾਹੀਂ ਵਪਾਰ ਹੋ ਰਿਹਾ ਹੈ। ਭਾਰਤ ਦੇ ਪਕਿਸਤਾਨ ਵਿਚਲੇ ਡਿਪਟੀ ਹਾਈ ਕਮਿਸ਼ਨਰ ਸੁਰੇਸ਼ ਕੁਮਾਰ ਵੱਲੋਂ 17 ਮਾਰਚ 2023 ਨੂੰ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਜੱਥੇਬੰਦੀ ਦੇ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਮੁੰਦਰਾ ਬੰਦਰਗਾਹ ਤੋਂ ਵਪਾਰ ਹੋ ਸਕਦਾ ਹੈ ਤਾਂ ਫਿਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ’ਤੇ ਰੋਕਾਂ ਕਿਉਂ ਹਨ?
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੱਥੇਬੰਦੀ ਅਟਾਰੀ ਤੇ ਹੂਸੈਨੀਵਾਲਾ ਕਾਨਫਰੰਸਾਂ ਦੀ ਕਾਮਯਾਬੀ ਲਈ ਸੂਬੇ ਦੇ ਪਿੰਡਾਂ ’ਚ ਪ੍ਰਚਾਰ-ਮੁਹਿੰਮ ਚਲਾਵੇਗੀ। ਇਸ ਮੌਕੇ ਜਿਲਾ ਕਮੇਟੀ ਮੈਬਰ ਗੁਰਮੀਤ ਸੰਗਰਾਹੂਰ, ਸੁਖਮੰਦਰ ਸਰਾਵਾਂ,ਬਲਵਿੰਦਰ ਸਿੰਘ ਰੂਪੇਵਾਲੀਆ,ਪਰਮਜੀਤ ਸਿਵੀਆਂ,ਨਾਇਬ ਸਿੰਘ ਕੋਠੇ ਮਾਹਲਾ ਸਿੰਘ,ਸੁਖਜੀਵਨ ਸਿੰਘ ਕੋਠੇ ਵੜਿੰਗ ਆਦਿ ਆਗੂ ਹਾਜਿਰ ਸਨ।