ਪਾਰਕ ਦੀ ਸੁੰਦਰਤਾ ’ਚ ਵਾਧਾ ਕਰਨ ਅਤੇ ਉਸਦੀ ਬਕਾਇਦਾ ਸਾਂਭ ਸੰਭਾਲ ਦੀ ਜਰੂਰਤ : ਢਿੱਲੋਂ
ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਨੇ ਮਿਉਸਪਲ ਪਾਰਕ ਦੀ ਖੁਦ ਹੱਥੀਂ ਕੀਤੀ ਸਫਾਈ
ਕੋਟਕਪੂਰਾ, 13 ਅਪ੍ਰੈਲ :- ‘ਗੁੱਡ ਮੌਰਨਿੰਗ ਵੈੱਲਫੇਅਰ ਕਲੱਬ’ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਸਥਾਨਕ ਮਿਉਸਪਲ ਪਾਰਕ ਦੀ ਸਫਾਈ ਦੌਰਾਨ ਆਪਣੇ ਟਰੈਕਟਰ-ਟਰਾਲੀਆਂ ਤੋਂ ਇਲਾਵਾ ਨਿੱਜੀ ਸਫਾਈ ਸੇਵਕਾਂ ਦਾ ਬਕਾਇਦਾ ਪ੍ਰਬੰਧ ਕੀਤਾ। ਡਾ. ਢਿੱਲੋਂ ਨੇ ਖੁਦ ਆਪਣੇ ਹੱਥੀਂ ਸਫਾਈ ਕਾਰਜਾਂ ਨੂੰ ਅੰਜਾਮ ਦਿੰਦਿਆਂ ਦੱਸਿਆ ਕਿ ਸਫਾਈ ਲਈ ਖੁਦ ਨੂੰ ਤਿਆਰ ਬਰ ਤਿਆਰ ਰੱਖਣਾ ਵੀ ਤੰਦਰੁਸਤੀ ਦੀ ਨਿਆਮਤ ਹੈ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਗੁੱਡ ਮੋਰਨਿੰਗ ਕਲੱਬ ਵਲੋਂ ਸ਼ਾਨਦਾਰ ਫੁਲਵਾੜੀ ਲਈ ਪੌਦੇ ਵੀ ਲਾਏ ਗਏ ਸਨ ਪਰ ਕੁਝ ਕੁ ਪੌਦੇ ਸਾਂਭ ਸੰਭਾਲ ਦੀ ਅਣਹੋਂਦ ਕਾਰਨ ਖਤਮ ਹੋ ਗਏ। ਇਸ ਲਈ ਮਿਉਸਪਲ ਪਾਰਕ ਵਾਸਤੇ ਸਰਕਾਰ ਨੂੰ ਬਕਾਇਦਾ ਦੋ ਮਾਲੀ ਨਿਯੁਕਤ ਕਰਨੇ ਚਾਹੀਦੇ ਹਨ ਤਾਂ ਜੋ ਪਾਰਕ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਸਦੀ ਬਕਾਇਦਾ ਸਾਂਭ ਸੰਭਾਲ ਵੀ ਹੋ ਸਕੇ। ਉਹਨਾਂ ਮਿਉਸਪਲ ਪਾਰਕ ਵਿੱਚ ਲੱਗੀਆਂ ਵੱਖ ਵੱਖ ਦੋ ਓਪਨ ਜਿੰਮਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਦ ਔਰਤਾਂ ਅਰਥਾਤ ਲੜਕੇ ਲੜਕੀਆਂ ਲਈ ਵੱਖ ਵੱਖ ਜਿੰਮਾਂ ਦੀ ਸਥਾਪਨਾ ਕਰਨ ਦਾ ਮੰਤਵ ਸਿਰਫ ਇਹੀ ਸੀ ਕਿ ਵਰਜਿਸ਼ ਅਰਥਾਤ ਕਸਰਤ ਕਰਨ ਮੌਕੇ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਵਾਤਾਵਰਣ ਪ੍ਰੇਮੀਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਅਤੇ ਪਹਿਲਾਂ ਤੋਂ ਲੱਗੇ ਹੋਏ ਪੌਦਿਆਂ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਸਮਾਜ ਸੁਧਾਰਕ ਕੰਮਾਂ ਵਿੱਚ ਯਤਨਸ਼ੀਲ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਵਲੋਂ ਵਾਤਾਵਰਣ ਦੇ ਖੇਤਰ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਉਣ ਦੀ ਤਜਵੀਜ ਹੈ। ਇਸ ਮੌਕੇ ਪਾਰਕ ਦਾ ਸਮੁੱਚਾ ਟਰੈਕ ਵੀ ਡਾ ਢਿੱਲੋਂ ਨੇ ਖੁਦ ਧੋਅ ਕੇ ਲਿਸ਼ਕਾ ਦਿੱਤਾ ਜਦਕਿ ਪੌਦਿਆਂ ਦੀ ਸੰਭਾਲ ਲਈ ਉੱਥੇ ਸੈਰ ਕਰਨ ਵਾਸਤੇ ਆਉਣ ਵਾਲਿਆਂ ਨੂੰ ਪ੍ਰੇਰਿਤ ਕੀਤਾ।