ਪੀਜੀਆਈ ਚੰਡੀਗੜ੍ਹ ਵਿਚ ਮੁੜ ਲੱਗੀ ਅੱਗ, ਮਰੀਜ਼ਾਂ ਨੂੰ ਕੱਢਿਆ ਗਿਆ ਬਾਹਰ
ਚੰਡੀਗੜ੍ਹ, 16 ਅਕਤੂਬਰ (ਡੇਲੀ ਪੋਸਟ ਪੰਜਾਬੀ)- ਚੰਡੀਗੜ੍ਹ ਪੀਜੀਆਈ ਦੇ ਆਈ ਸੈਂਟਰ ਵਿਚ ਸੋਮਵਾਰ ਸਵੇਰੇ ਫਿਰ ਅਚਾਨਕ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਪੀਜੀਆਈ ਦੇ ਸੀਨੀਅਰ ਅਧਿਕਾਰੀ ਉੱਥੇ ਪਹੁੰਚ ਗਏ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਮਰੀਜ਼ਾਂ ਵਿਚ ਦਹਿਸ਼ਤ ਫੈਲ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪੀ.ਜੀ.ਆਈ.ਪਹੁੰਚ ਗਏ।
ਆਈ ਸੈਂਟਰ ਦੇ ਬਾਹਰ ਮਰੀਜ਼ਾਂ ਅਤੇ ਸਟਾਫ ਦੀ ਭਾਰੀ ਭੀੜ ਹੈ। ਫਿਲਹਾਲ ਕਿਸੇ ਵੀ ਮਰੀਜ਼ ਨੂੰ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਹਤਿਆਤ ਵਜੋਂ ਸੈਂਟਰ ਦੀ ਓਪੀਡੀ ਬੰਦ ਕਰ ਦਿਤੀ ਗਈ ਹੈ। ਫਿਲਹਾਲ ਅੱਗ ਦਾ ਪ੍ਰਭਾਵ ਬੇਸਮੈਂਟ ਵਿੱਚ ਹੈ। ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਬੁਲਾਇਆ ਗਿਆ। ਫਿਲਹਾਲ ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪੀਜੀਆਈ ਚੰਡੀਗੜ੍ਹ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਵੀ ਪੀਜੀਆਈ ਵਿਚ ਅੱਗ ਲੱਗ ਗਈ ਸੀ।
ਪੀਜੀਆਈ ਦੇ ਨਹਿਰੂ ਹਸਪਤਾਲ ਦੇ ਬਲਾਕ ਸੀ ਵਿਚ 9 ਅਕਤੂਬਰ ਦੀ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ। ਇਸ ਤੋਂ ਬਾਅਦ ਮਰੀਜ਼ ਨੂੰ ਬਾਹਰ ਕੱਢ ਕੇ ਨਹਿਰੂ ਐਕਸਟੈਂਸ਼ਨ ਅਤੇ ਨਹਿਰੂ ਹਸਪਤਾਲ ਦੇ ਬਲਾਕ ਏ ਵਿਚ ਤਬਦੀਲ ਕਰ ਦਿਤਾ ਗਿਆ। 400 ਤੋਂ ਵੱਧ ਮਰੀਜ਼ਾਂ ਨੂੰ ਕਰੇਨ ਦੀ ਮਦਦ ਨਾਲ ਇਥੋਂ ਬਾਹਰ ਕੱਢਣਾ ਪਿਆ। ਇਸ ਵਿਚ ਹਸਪਤਾਲ ਦੇ 7 ਵਾਰਡ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਅਜੇ ਤੱਕ ਚਾਲੂ ਨਹੀਂ ਕੀਤਾ ਗਿਆ।