ਪੀਟੀਸੀ ਵਾਲਾ ਗੁਰਬਾਣੀ ਪ੍ਰਸਾਰਣ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ/ਫੇਸਬੁੱਕ ਵੈੱਬ ’ਤੇ ਪ੍ਰਸਾਰਿਤ
ਅੰਮ੍ਰਿਤਸਰ, 25 ਜੁਲਾਈ (ਪੰਜਾਬੀ ਜਾਗਰਣ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਗੁਰਬਾਣੀ ਪ੍ਰਸਾਰਣ ਪੀਟੀਸੀ ਵਾਲਾ ਹੀ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ/ਫੇਸਬੁੱਕ ਵੈੱਬ ’ਤੇ ਚੱਲ ਰਿਹਾ ਹੈ। ਪੀਟੀਸੀ ਨੂੰ ਮੁੜ ਗੁਰਬਾਣੀ ਪ੍ਰਸਾਰਣ ਦੇ ਮਿਲੇ ਅਧਿਕਾਰਾਂ ਤੋਂ ਬਾਅਦ ਪੀਟੀਸੀ ਦੇ ਐੱਮਡੀ ਰਬਿੰਦਰ ਨਾਰਾਇਣਨ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਪੀਟੀਸੀ ਦੇ ਸੈੱਟਅਪ ਜ਼ਰੀਏ ਹੀ ਸ਼੍ਰੋਮਣੀ ਕਮੇਟੀ ਆਪਣੇ ਮਾਧਿਅਮਾਂ ਯੂ-ਟਿਊਬ/ਫੇਸਬੁੱਕ ਵੈੱਬ ’ਤੇ ਪ੍ਰਸਾਰਣ ਕਰ ਲਵੇ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਸ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਮਹੀਨੇ ਦਾ 12 ਲੱਖ ਰੁਪਏ ਦਾ ਟੈਕਸ ਖ਼ਰਚਾ ਬਚੇਗਾ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਮਾਧਿਅਮ ਯੂ-ਟਿਊਬ/ਫੇਸਬੁੱਕ ਵੈੱਬ ’ਤੇ ਗੁਰਬਾਣੀ ਪ੍ਰਸਾਰਣ ਨਾਲ ਇਨ੍ਹਾਂ ਪਲੇਟਫਾਰਮਾਂ ’ਤੇ ਤਕਰੀਬਨ 2 ਲੱਖ ਤੱਕ ਸਬਸਕ੍ਰਾਈਬਰ ਜੁੜ ਗਏ ਹਨ।ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਬਾਣੀ ਪ੍ਰਸਾਰਣ ਨੂੰ ਮਰਿਆਦਾ ਨਾਲ ਜੁੜੇ ਹੋਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਯੂ-ਟਿਊਬ/ਫੇਸਬੁੱਕ ਵੈੱਬ ’ਤੇ ਪ੍ਰਸਾਰਣ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਪੀਟੀਸੀ ਦਾ ਇਕਰਾਰ ਖ਼ਤਮ ਕਰ ਕੇ ਆਪਣਾ 12 ਲੱਖ ਰੁਪਏ ਮਹੀਨਾ ਕਿਰਾਇਆ ਖ਼ਰਚ ਕੇ ਯੂ-ਟਿਊਬ/ਫੇਸਬੁੱਕ ਵੈੱਬ ’ਤੇ ਪ੍ਰਸਾਰਣ ਕਰਨ ਦਾ ਫ਼ੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ 14 ਜੁਲਾਈ ਨੂੰ 72 ਘੰਟਿਆਂ ਦੇ ਨੋਟਿਸ ’ਤੇ ਅੰਤਿ੍ਰੰਗ ਕਮੇਟੀ ਦੀ ਇਕੱਤਰਤਾ ਕਰ ਕੇ ਫ਼ੈਸਲਾ ਕਰ ਕੇ ਇਸ ਦੀ ਰਿਪੋਰਟ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਅੰਤਿ੍ਰੰਗ ਕਮੇਟੀ ਮੈਂਬਰਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਦੇ ਰੂਪ ਵਿਚ ਸੌਂਪ ਦਿੱਤੀ ਸੀ। ਆਖ਼ਰ ਸੰਗਤਾਂ ਵੱਲੋਂ ਸੈਟੇਲਾਈਟ ਚੈਨਲ ’ਤੇ ਨਾਲ ਪ੍ਰਸਾਰਣ ਕਰਨ ਲਈ 21 ਜੁਲਾਈ ਨੂੰ ਜਥੇਦਾਰ ਵੱਲੋਂ ਮਿਲੇ ਪੱਤਰ ’ਤੇ ਸ਼੍ਰੋਮਣੀ ਕਮੇਟੀ ਨੇ ਇਹ ਸਾਰੇ ਮਾਮਲੇ ’ਤੇ ਯੂ-ਟਰਨ ਲੈਂਦਿਆਂ ਤੁਰੰਤ ਪੀਟੀਸੀ ਨੂੰ ਵੀ ਗੁਰਬਾਣੀ ਪ੍ਰਸਾਰਣ ਪਹਿਲਾਂ ਦੀ ਤਰ੍ਹਾਂ ਚਾਲੂ ਰੱਖਣ ਲਈ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਪੀਟੀਸੀ ਆਪਣੇ ਪ੍ਰਸਾਰਣ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮਾਂ ’ਤੇ ਵੀ ਪ੍ਰਸਾਰਣ ਕਰਨ ਦੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ।