ਪੁਲਿਸ ਨੇ ਅਧਿਕਾਰੀ ਕੋਲੋਂ ਪਰਾਲੀ ‘ਚ ਅੱਗ ਲਗਵਾਉਣ ਵਾਲੇ 9 ਕਿਸਾਨਾਂ ਨੂੰ ਛੱਡਿਆ
ਬਠਿੰਡਾ, 6 ਨਵੰਬਰ (ਰੋਜਾਨਾ ਸਪੋਕਸਮੈਨ)- ਬਠਿੰਡਾ ਪੁਲਿਸ ਨੇ ‘ਕਿਸਾਨਾਂ ਵਲੋਂ ਬੰਧਕ ਬਣਾਏ ਸਰਕਾਰੀ ਅਧਿਕਾਰੀ ਕੋਲੋਂ ਪਰਾਲੀ ਨੂੰ ਅੱਗ ਲਗਵਾਉਣ ਵਾਲੇ ਕੇਸ ਵਿਚ 9 ਕਿਸਾਨਾਂ ਨੂੰ ਛੱਡ ਰਿਹਾਅ ਕਰ ਦਿਤਾ ਹੈ। ਇਹ ਸਾਰੇ ਕਿਸਾਨ ਪਿੰਡ ਮਹਿਮਾ ਸਰਜਾ ਦੇ ਸਨ। ਦੱਸ ਦੇਈਏ ਕਿ ਘਟਨਾ ਦੀ ਮੁੱਖ ਮੰਤਰੀ ਨੇ ਨਿਖੇਧੀ ਕੀਤੀ ਸੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਪਿੱਛੋਂ ਸਾਥੀ ਕਿਸਾਨ ਥਾਣੇ ਅੱਗੇ ਲਗਾਤਾਰ ਧਰਨਾ ਦੇ ਰਹੇ ਸਨ।
ਜਾਣੋ ਕੀ ਹੈ ਪੂਰਾ ਮਾਮਲਾ: ਬਠਿੰਡਾ ਵਿਚ ਪਰਾਲੀ ਸਾੜਨ ਤੋਂ ਰੋਕਣ ਆਏ ਸਰਕਾਰੀ ਅਧਿਕਾਰੀ ਦਾ ਕਿਸਾਨਾਂ ਨੇ ਘਿਰਾਓ ਕੀਤਾ ਸੀ। ਕਿਸਾਨਾਂ ਨੇ ਬੰਧਕ ਬਣਾਏ ਸਰਕਾਰੀ ਅਧਿਕਾਰੀ ਕੋਲੋਂ ਹੀ ਪਰਾਲੀ ਨੂੰ ਅੱਗ ਲਗਵਾਈ ਅਤੇ ਫਿਰ ਉਸ ਨੂੰ ਮੌਕੇ ਤੋਂ ਛੱਡ ਦਿਤਾ। ਕਿਸਾਨਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ। ਇਸ ਘਟਨਾ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਖੇਧੀ ਕੀਤੀ ਸੀ।
ਦਰਅਸਲ ਕਿਸਾਨ ਸਰਕਾਰ ਦੀਆਂ ਨੀਤੀਆਂ ਅਤੇ ਪਿਛਲੀ ਬਕਾਇਆ ਰਾਹਤ ਰਾਸ਼ੀ ਬਾਰੇ ਪੁੱਛਣ ਲੱਗੇ ਸਨ। ਘਿਰਿਆ ਦੇਖ ਕੇ ਟੀਮ ਨੇ ਉਥੋਂ ਜਾਣਾ ਚਾਹਿਆ ਪਰ ਉਨ੍ਹਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ। ਕਿਸਾਨਾਂ ਨੇ ਦਬਾਅ ਬਣਾ ਕੇ ਅਧਿਕਾਰੀ ਨੂੰ ਪਰਾਲੀ ਸਾੜਨ ਲਈ ਕਿਹਾ। ਆਪਣੇ ਆਪ ਨੂੰ ਘਿਰਿਆ ਦੇਖ ਕੇ ਅਧਿਕਾਰੀ ਨੇ ਕਿਸਾਨਾਂ ਤੋਂ ਮਾਚਿਸ ਦੀ ਤੀਲੀ ਲਈ ਤੇ ਖੁਦ ਹੀ ਪਰਾਲੀ ਨੂੰ ਅੱਗ ਲਾ ਦਿਤੀ।