ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ 5 ਫਰਵਰੀ ਨੂੰ
– ਸਿਹਤ ਵਿਭਾਗ ਨੇ ਜਾਗਰੂਕਤਾ ਸਮੱਗਰੀ ਕੀਤੀ ਜਾਰੀ
ਫ਼ਰੀਦਕੋਟ, 2 ਫ਼ਰਵਰੀ (ਪੰਜਾਬ ਡਾਇਰੀ)- ਸਿਹਤ ਵਿਭਾਗ ਫਰੀਦਕੋਟ ਵੱਲੋਂ ਡਾ. ਮਨਿੰਦਰ ਪਾਲ ਸਿੰਘ ਸਿਵਲ ਸਰਜਨ ਫਰੀਦਕੋਟ ਦੀ ਅਗਵਾਈ ਹੇਠ 5 ਫਰਵਰੀ 2024 ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਜਾਗਰੂਕਤਾ ਸਮੱਗਰੀ ਜਾਰੀ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਿਤੀ 5 ਫਰਵਰੀ 2024 ਨੂੰ ਜਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ, ਆਂਗਣਵਾੜੀ ਸੈਂਟਰ ਅਤੇ ਸਕੂਲ ਨਾ ਜਾਣ ਵਾਲੇ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਜੇਕਰ ਕਿਸੇ ਕਾਰਨ ਕੋਈ ਬੱਚਾ ਇਸ ਦਿਨ ਖੁਰਾਕ ਨਹੀਂ ਲੈਂਦਾ ਤਾਂ ਬਾਕੀ ਰਹਿੰਦੇ ਬੱਚਿਆਂ ਨੂੰ ਮੋਪਅੱਪ ਰਾਉਂਡ ਵਾਲੇ ਦਿਨ ਮਿਤੀ 12 ਫਰਵਰੀ ਨੂੰ ਖੁਰਾਕ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਇਹ ਖੁਰਾਕ ਬੱਚਿਆਂ ਲਈ ਬਹੁਤ ਜਰੂਰੀ ਹੈ। ਕਿਉਂਕਿ ਪੇਟ ਦੇ ਕੀੜੇ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਪਾਉਂਦੇ ਹਨ। ਉਹਨਾਂ ਕਿਹਾ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਇਸਤਰੀ ਅਤੇ ਸਮਾਜਿਕ ਸੁਰੱਖਿਆ ਵਿਭਾਗ, ਸਿੱਖਿਆ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਵੀ ਲਈ ਜਾਵੇਗੀ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਕੱਕੜ, ਡਾ. ਹਰਿੰਦਰ ਗਾਂਧੀ, ਡਾ. ਪਰਮਜੀਤ ਸਿੰਘ ਬਰਾੜ, ਡਾ. ਸੰਦੀਪ ਸਿੰਗਲਾ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਸਕੂਲ ਹੈਲਥ ਕੁਆਰਡੀਨੇਟਰ ਸੰਦੀਪ ਕੁਮਾਰ, ਤਿਰਲੋਕ ਸਿੰਘ ਆਦਿ ਹਾਜਰ ਸਨ।