ਪੇਪਰਲੈੱਸ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ, 12.31 ਕਰੋੜ ਰੁਪਏ ਦਾ ਆਇਆ ਖਰਚ
ਚੰਡੀਗੜ੍ਹ, 4 ਅਗਸਤ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਪੇਪਰਲੈੱਸ ਹੋਵੇਗਾ। ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਲਈ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਲਈ ਵਿਧਾਇਕਾਂ ਨੂੰ ਹੁਣ ਸਾਰਾ ਕੁਝ ਅਪਗ੍ਰੇਡ ਮਿਲੇਗਾ। ਹਰੇਕ ਸੀਟ ਉਤੇ ਲੈਪਟਾਪ, ਸਟੈਂਡ, ਚੱਟ ਸਕ੍ਰੀਨ ਲਗਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ।
ਵਿਧਾਨ ਸਭਾ ਦੀ ਕਾਰਵਾਈ ਤੋਂ ਹੁਣ ਕਾਗਜ਼ੀ ਕੰਮ ਬੰਦ ਹੋ ਜਾਵੇਗਾ ਤੇ ਇਸ ਨਾਲ ਹਰੇਕ ਸਾਲ ਇਕ ਕਰੋੜ ਰੁਪਏ ਬਚਣ ਦੀ ਉਮੀਦ ਹੈ। ਇਸ ਲਈ ਪੰਜਾਬ ਦੇ ਸਾਰੇ ਵਿਧਾਇਕਾਂ, ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 10 ਅਗਸਤ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਸੀਐੱਮ ਮਾਨ ਤੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕੀਤੀ ਜਾਵੇਗੀ।
ਪੇਪਰਲੈੱਸ ਸੈਸ਼ਨ ਦੌਰਾਨ ਸਵਾਲ ਪੁੱਛਣ ਵਾਲਾ ਵਿਧਾਇਕ ਆਪਣੀ ਸੀਟ ‘ਤੇ ਖੜ੍ਹਾ ਹੋ ਕੇ ਟੱਚ ਸਕ੍ਰੀਨ ਰਾਹੀਂ ਸਵਾਲ ਨੰਬਰ ਬੋਲੇਗਾ ਜੋ ਕਿ ਵਿਧਾਨ ਸਭਾ ਅੰਦਰ ਲੱਗੀ ਸਕ੍ਰੀਨ ‘ਤੇ ਆ ਜਾਵੇਗਾ। ਸਬੰਧਤ ਮੰਤਰੀ ਪਹਿਲਾਂ ਹੀ ਫੀਡ ਕੀਤੇ ਗਏ ਜਵਾਬ ਨੂੰ ਆਪਣੀ ਸੀਟ ‘ਤੇ ਖੜ੍ਹਾ ਹੋ ਕੇ ਪੜ੍ਹ ਸਕੇਗਾ। ਇਹ ਸਾਰੀ ਪ੍ਰਕਿਰਿਆ ਵਿਧਾਨ ਸਭਾ ਦੇ ਅੰਦਰ ਲੱਗੀ ਵੱਡੀ ਟੱਚ ਸਕ੍ਰੀਨ ‘ਤੇ ਵੀ ਦਿਸੇਗੀ।ਇਸ ਦੇ ਨਾਲ-ਨਾਲ ਧਿਆਨ ਦਿਵਾਊ ਮਤਾ, ਬਿੱਲਾਂ ਦਾ ਖਰੜਾ, ਜਵਾਬਾਂ ਦੇ ਅੰਕੜੇ, ਥਿਓਰੇ ਹਰੇਕ ਸੀਟ ‘ਤੇ ਫਿਕਸ ਸਕ੍ਰੀਨ ‘ਤੇ ਆਉਣਗੇ।
ਦੱਸ ਦੇਈਏ ਕਿ ਇਸ ਸਾਰਾ ਪ੍ਰਾਜੈਕਟ 30 ਕਰੋੜ ਰੁਪਏ ਦਾ ਹੈ ਜਿਸ ਵਿਚੋਂ 60 ਫੀਸਦੀ ਰਕਮ ਕੇਂਦਰ ਵੱਲੋਂ ਤੇ 40 ਫੀਸਦੀ ਰਕਮ ਸੂਬਾ ਸਰਕਾਰ ਵੱਲੋਂ ਖਰਚ ਕੀਤੀ ਜਾਵੇਗੀ। ਯਾਨੀ ਕਿ 18 ਕਰੋੜ ਰੁਪਏ ਕੇਂਦਰ ਵੱਲੋਂ ਖਰਚ ਕੀਤੇ ਜਾ ਰਹੇ ਹਨ ਤੇ 12 ਕਰੋੜ ਰੁਪਏ ਮਾਨ ਸਰਕਾਰ ਵੱਲੋਂ ਖਰਚੇ ਜਾਣਗੇ।