ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾਂ ਅਧੀਨ ਲਾਭ ਲੈਣ ਲਈ ਵੱਧ ਤੋਂ ਵੱਧ ਲੋਕ ਮੁਫਤ ਰਜਿਸਟਰੇਸ਼ਨ ਕਰਵਾਉਣ-ਏ.ਡੀ.ਸੀ. ਵਿਕਾਸ
ਫਰੀਦਕੋਟ, 29 ਸਤੰਬਰ (ਪੰਜਾਬ ਡਾਇਰੀ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 17 ਸਤੰਬਰ 2023 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਨਰਭਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਜਿਲ੍ਹਾ ਪ੍ਰੀਸ਼ਦ ਵਿਖੇ ਹੋਈ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਰੀਦਕੋਟ ਸ. ਨਰਭਿੰਦਰ ਸਿੰਘ ਨੇ ਯੋਜਨਾ ਨੂੰ ਲਾਗੂ ਕਰਨ ਲਈ ਵੱਧ ਤੋ ਵੱਧ ਲਾਭਪਾਤਰੀਆਂ ਨੂੰ ਰਜਿਸਟਰ ਕਰਨ ਲਈ ਅਤੇ ਲੋਕਾਂ ਨੂੰ ਸਕੀਮ ਸਬੰਧੀ ਜਾਗਰੂਕ ਕਰਵਾਉਣ ਲਈ ਸ਼ਾਮਲ ਮੈਬਰਾਂ ਨੂੰ ਆਦੇਸ਼ ਦਿੱਤੇ ।
ਉਨ੍ਹਾਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ,ਫਰੀਦਕੋਟ ਨੂੰ ਹਦਾਇਤ ਕੀਤੀ ਕਿ ਸਕੀਮ ਅਧੀਨ ਲਾਭਪਾਤਰੀ ਦੇ ਵੇਰਵਿਆਂ ਦੀ ਤਸਦੀਕ ਗ੍ਰਾਮ ਪੰਚਾਇਤ ਦੇ ਮੁੱਖੀ ਪਾਸੋ ਜਲਦ ਤੋ ਜਲਦ ਕਰਵਾਉਣ ਤਾਂ ਜੋ ਯੋਜਨਾ ਅਧੀਨ ਦਿੱਤੇ ਜਾਣ ਵਾਲੇ ਲਾਭ ਲਾਭਪਾਤਰੀਆਂ ਨੂੰ ਮਿਲ ਸਕਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਆਰਟੀਸ਼ਨ ਕਾਮਨ ਸਰਵਿਸ ਸੈਂਟਰ ਜਿਲ੍ਹਾ ਫਰੀਦਕੋਟ ਵਿਖੇ ਨਿਸ਼ੂਲਕ ਰਜਿਸਟਰੇਸ਼ਨ ਕਰਵਾ ਸਕਦੇ ਹਨ ।
ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈ ਡੀ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਲਾਭਪਾਤਰੀ 15000/- ਰੁਪਏ ਦਾ ਟੂਲਕਿਟ ਪ੍ਰੋਤਸਾਹਨ , 500/- ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਮੁੱਢਲੀ ਹੁਨਰ ਸਿਖਲਾਈ ,18 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 1 ਲੱਖ ਰੁਪਏ ਤੱਕ ਦਾ ਕਰਜਾ , 500/- ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਅਡਵਾਂਸ ਹੁਨਰ ਸਿਖਲਾਈ ਅਤੇ 30 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 2 ਲੱਖ ਰੁਪਏ ਤੱਕ ਦੇ ਕਰਜੇ ਦੀ ਕਿਸ਼ਤ ਪ੍ਰਾਪਤ ਕਰਨ ਯੋਗ ਹੋਵੇਗਾ ।
ਇਸ ਮੌਕੇ ਸ੍ਰੀ ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਸ੍ਰੀ ਮਨਪ੍ਰੀਤ ਸਿੰਘ ਜਿਲ੍ਹਾ ਮੈਨੈਜਰ ਕਾਮਨ ਸਰਵਿਸ ਸੈਂਟਰ ,ਸ੍ਰੀ ਬਲਜਿੰਦਰ ਸਿੰਘ ਬਾਜਵਾ ਜਿਲ੍ਹਾ ਇੰਚਾਰਜ ਐਸ.ਐਸ.ਆਰ.ਐਲ.ਐਮ ,ਸ੍ਰੀ ਸੁਖਵੀਰ ਸਿੰਘ, ਸ੍ਰੀਮਤੀ ਮੀਨਾਕਸ਼ੀ ਗੁਪਤਾ ਜਿਲ੍ਹਾ ਮੈਨੇਜਰ,ਪੰਜਾਬ ਸਕਿਲ ਡਿਵਲਪਮੈਂਟ ਮਿਸ਼ਨ ਹਾਜ਼ਰ ਸਨ।