ਪ੍ਰਸਿੱਧ ਸਹਿਤਕਾਰ ਡਾ. ਨਿਰਮਲ ਕੌਸ਼ਿਕ ਨੇ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਦਾ ਕਿਤਾਬਾਂ ਨਾਲ ਕੀਤਾ ਸਨਮਾਨ
ਫਰੀਦਕੋਟ, 20 ਮਈ (ਪੰਜਾਬ ਡਾਇਰੀ)- ਬਾਬਾ ਫ਼ਰੀਦ ਜੀ ਦੀ ਰਹਿਮਤ ਅਤੇ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਨਾਮਵਰ ਵਿੱਦਿਅਕ ਅਦਾਰੇ ਬਾਬਾ ਫ਼ਰੀਦ ਪਬਲਿਕ ਸਕੂਲ, ਫ਼ਰੀਦਕੋਟ ਵਿਖੇ ਪ੍ਰਸਿੱਧ ਸਹਿਤਕਾਰ ਡਾ. ਨਿਰਮਲ ਕੌਸ਼ਿਕ ਵਿਸ਼ੇਸ਼ ਤੌਰ ‘ਤੇ ਆਏ। ਸਕੂਲ ਵਿਖੇ ਪਹੁੰਚਣ ‘ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੁਆਰਾ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਵਿਚਾਰ-ਚਰਚਾ ਦੌਰਾਨ ਬੋਲਦਿਆਂ ਕਿਹਾ ਕਿ ਡਾ.ਨਿਰਮਲ ਕੌਸ਼ਿਕ ਪੰਜਾਬੀ ਅਤੇ ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਸਾਹਿਤਕਾਰ ਹਨ । ਉਨ੍ਹਾਂ ਨੇ ਹੁਣ ਤੱਕ ਕਰੀਬ 61 ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਨਾਲ ਨਾਲ ਸਮਾਜ-ਸੇਵਾ ਦੇ ਖੇਤਰ ਵਿੱਚ ਵੀ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਬਹਮੁੱਲਾ ਯੋਗਦਾਨ ਪਾਇਆ ਹੈ । ਡਾ.ਨਿਰਮਲ ਕੌਸ਼ਿਕ ਨੇ ਇਸ ਮੌਕੇ ਪ੍ਰਿੰਸੀਪਲ ਮੈਡਮ ਲਈ ਵਿਸ਼ੇਸ਼ ਸਤਰਾਂ ਵੀ ਕਹੀਆਂ, “ਸੀੜੀਆਂ ਉਨਹੇ ਹੋ ਮੁਬਾਰਕ, ਜਿਨਹੇ ਛੱਤ ਪਰ ਜਾਨਾ ਹੈ, ਮੇਰੀ ਮੰਜ਼ਿਲ ਤੋਂ ਅਸਮਾਨ ਹੈ, ਔਰ ਰਾਸਤਾ ਭੀ ਮੁਝੇ ਖ਼ੁਦ ਬਣਾਨਾ ਹੈ ।” ਡਾ. ਨਿਰਮਲ ਕੌਸ਼ਿਕ ਨੇ ਇਸ ਮੌਕੇ ਕਿਹਾ ਕਿ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਫਰੀਦਕੋਟ ਜ਼ਿਲ੍ਹੇ ਵਿੱਚ ਵਿਸ਼ੇਸ਼ ਕਾਬਲੀਅਤ ਵਾਲੇ ਪ੍ਰਿੰਸੀਪਲ ਹਨ, ਜਿਨ੍ਹਾਂ ਦੀ ਬਦੌਲਤ ਸਿੱਖਿਆ ਅਤੇ ਵਿਦਿਆਰਥੀਆਂ ਦਾ ਬੇਹੱਦ ਵਿਕਾਸ ਹੋਇਆ ਹੈ ਤੇ ਫਰੀਦਕੋਟ ਵਾਸੀ ਉਹਨਾਂ ਤੇ ਮਾਣ ਮਹਿਸੂਸ ਕਰਦੇ ਹਨ। ਇਸ ਮੌਕੇ ਡਾ.ਕੌਸ਼ਿਕ ਨੇ ਕਿਹਾ ਕਿ ਉਹ ਸਿਰਫ ਕਿਤਾਬਾਂ ਲਿਖਦੇ ਹਨ ਅਤੇ ਲਾਇਬ੍ਰੇਰੀਆਂ ਨੂੰ ਕਿਤਾਬਾਂ ਭੇਂਟ ਕਰਦੇ ਹਨ । ਉਹ ਕਦੇ ਵੀ ਆਪਣੀਆਂ ਕਿਤਾਬਾਂ ਨੂੰ ਵੇਚਦੇ ਨਹੀਂ ਹਨ । ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੇ ਉਨ੍ਹਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਡਾ. ਕੌਸ਼ਿਕ ਨੇ ਅਨੁਵਾਦ, ਕਵਿਤਾ, ਬਾਲ-ਸਾਹਿਤ , ਸਿੱਖ ਗੁਰੂ ਸਾਹਿਬਾਨ ਅਤੇ ਬਾਬਾ ਫ਼ਰੀਦ ਜੀ ਨਾਲ ਸਬੰਧਤ ਨਵੀਆਂ ਪੁਸਤਕਾਂ ਸਤਿ ਪੁਰਖੁ ਜਿਨ ਜਾਨਿਆ, ਮਹਿਕ ਬਚਪਨ ਦੀ, ਕਾਵਿ-ਰੰਗ, ਪਿਰ ਦੇਖਨ ਕੀ ਆਸ, ਹਮਾਰੀ ਸੰਸਕ੍ਰਿਤਕ ਚੇਤਨਾ, ਸ੍ਰੀ ਗੁਰੂ ਤੇਗ ਬਹਾਦਰ ਜੀ ਆਦਿ ਨਾਲ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।