ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਲੋਂ ਭਾਰਤ ਬੰਦ ਦਾ ਸੱਦਾ ਮੁਲਤਵੀ, ਵਿਭਾਗ ਨੇ ਮੰਗਾਂ ਪੂਰੀਆਂ ਕਰਨ ਦਾ ਦਿਤਾ ਭਰੋਸਾ
ਮੋਹਾਲੀ, 18 ਅਗਸਤ (ਰੋਜਾਨਾ ਸਪੋਕਸਮੈਨ)- ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨਾਲ ਪੰਜਾਬ ਦੀਆਂ ਪ੍ਰਮੁੱਖ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਜਥੇਬੰਦੀਆਂ ਵਲੋਂ ਦਿਤੀਆਂ ਮੰਗਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਕੱਤਰ ਗੁਪਤਾ ਨੇ ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਸਿੱਖਿਆ ਬੋਰਡ ਨਾਲ ਸਬੰਧਤ ਮੰਗਾਂ ਜਲਦੀ ਮੰਨ ਲਈਆਂ ਜਾਣਗੀਆਂ।
ਵੀਰਵਾਰ ਨੂੰ ਪ੍ਰੈਸ ਕਾਨਫ਼ਰੰਸ ਦੌਰਾਨ ਤਾਲਮੇਲ ਕਮੇਟੀ ਦੇ ਆਗੂਆਂ ਜਗਤਪਾਲ ਮਹਾਜਨ, ਹਰਪਾਲ ਸਿੰਘ ਯੂ.ਕੇ. ਅਤੇ ਗੁਰਮੁਖ ਸਿੰਘ ਨੇ ਦਸਿਆ ਕਿ ਬੋਰਡ ਵਲੋਂ ਪ੍ਰਾਈਵੇਟ ਸਕੂਲਾਂ ਪ੍ਰਤੀ ਅਪਣਾਈ ਜਾ ਰਹੀ ਨੀਤੀ ਦੇ ਵਿਰੋਧ ਵਿਚ ਜਥੇਬੰਦੀ ਵਲੋਂ 21 ਅਗਸਤ 2023 ਨੂੰ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਸੀ। ਇਸੇ ਤਹਿਤ ਵੀਰਵਾਰ ਨੂੰ ਹੋਈ ਮੀਟਿੰਗ ਵਿਚ ਸਕੱਤਰ ਸਿੱਖਿਆ ਬੋਰਡ ਵਲੋਂ ਦਿਤੇ ਭਰੋਸੇ ਤੋਂ ਬਾਅਦ ਇਸ ਬੰਦ ਦੇ ਸੱਦੇ ਨੂੰ ਫਿਲਹਾਲ ਮੁਲਤਵੀ ਕਰ ਦਿਤਾ ਗਿਆ ਹੈ।
ਉਨ੍ਹਾਂ ਦਸਿਆ ਕਿ 9ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਲਈ ਬੋਰਡ ਆਫ਼ ਸੈਕਟਰੀ ਨੇ ਮਨਜ਼ੂਰੀ ਦੇ ਦਿਤੀ ਹੈ, ਉਨ੍ਹਾਂ ਨੂੰ ਰੈਗੂਲਰ ਦਾਖ਼ਲਾ ਦਿਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਾਨਤਾ ਪ੍ਰਾਪਤ ਸਕੂਲਾਂ ਨੂੰ ਆਨਲਾਈਨ ਦਿਤੇ ਗਏ ਪ੍ਰੋਫਾਰਮੇ ਨੂੰ ਭਰਨ ਲਈ ਇਕ ਪੋਰਟਲ ਖੋਲ੍ਹਿਆ ਜਾਵੇਗਾ। ਸਕੱਤਰ ਬੋਰਡ ਨੇ ਭਰੋਸਾ ਦਿਤਾ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਸਿੱਖਿਆ ਬੋਰਡ ਵਿਚ ਪੂਰਾ ਮਾਣ ਸਤਿਕਾਰ ਦਿਤਾ ਜਾਵੇਗਾ।
ਬੋਰਡ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿਚ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਦੀ ਵੀ ਫਲਾਇੰਗ ਸਕੁਐਡ ਅਤੇ ਨਿਰੀਖਣ ਸਟਾਫ਼ ਵਿਚ ਪ੍ਰਤੀਨਿਧਤਾ ਹੋਵੇਗੀ। ਇਸ ਦੌਰਾਨ ਵਿਦਿਆਰਥੀਆਂ ਤੋਂ 100 ਰੁਪਏ ਸਰਟੀਫਿਕੇਟ ਫੀਸ ਲੈਣ ਤੋਂ ਇਲਾਵਾ ਮਾਈਗ੍ਰੇਸ਼ਨ ਸਰਟੀਫਿਕੇਟ ਜਾਰੀ ਕਰਨ ਲਈ ਵੀ ਕਿਹਾ ਗਿਆ।