ਪ੍ਰੇਮਿਕਾ ਨੇ ਵਿਆਹ ਲਈ ਪਾਇਆ ਦਬਾਅ ਤਾਂ ਪ੍ਰੇਮੀ ਨੇ ਸੜਕ ਹਾਦਸੇ ਵਿਚ ਕਰਵਾਈ ਹਤਿਆ
ਲੁਧਿਆਣਾ, 22 ਮਈ (ਰੋਜਾਨਾ ਸਪੋਕਸਮੈਨ)- ਪ੍ਰੇਮਿਕਾ ਵਲੋਂ ਵਿਆਹ ਲਈ ਦਬਾਅ ਪਾਉਣ ਬਾਅਦ ਪ੍ਰੇਮੀ ਨੇ ਉਸ ਦੀ ਸੜਕ ਹਾਦਸੇ ਵਿਚ ਹਤਿਆ ਕਰਵਾ ਦਿਤੀ। ਮੁਲਜ਼ਮ ਨੇ ਪੁਲਿਸ ਨੂੰ ਦਸਿਆ ਕਿ ਉਸ ਦੀ ਪ੍ਰੇਮਿਕਾ ਵਿਆਹ ਕਰਵਾਉਣ ਲਈ ਉਸ ਉਤੇ ਲਗਾਤਾਰ ਦਬਾਅ ਬਣਾ ਰਹੀ ਸੀ, ਇਸ ਤੋਂ ਤੰਗ ਆ ਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ। ਇਸ ਦੀ ਯੋਜਨਾ ਮੁਲਜ਼ਮ ਦੇ ਭਰਾ ਕੁਲਵਿੰਦਰ ਸਿੰਘ ਨੇ ਬਣਾਈ ਸੀ। ਘਟਨਾ ਨੂੰ ਹਾਦਸੇ ਦਾ ਰੂਪ ਦੇਣ ਲਈ ਉਨ੍ਹਾਂ ਨੇ ਅਜਮੇਰ ਸਿੰਘ ਨਾਮ ਦੇ ਵਿਅਕਤੀ ਨਾਲ ਸੰਪਰਕ ਕੀਤਾ ਅਤੇ 50 ਹਜ਼ਾਰ ਰੁਪਏ ਵਿਚ ਸਮਝੌਤਾ ਤੈਅ ਕੀਤਾ।
ਪੁਲਿਸ ਵਲੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਸਵੀਟੀ ਅਰੋੜਾ ਦੀ ਹਤਿਆ ਕਰਨ ਵਾਲੇ ਨੌਜਵਾਨ ਚਚੇਰੇ ਭਰਾ ਸਨ, ਜਿਨ੍ਹਾਂ ਦੀ ਪਛਾਣ ਮੁਹਾਲੀ ਵਾਸੀ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਤਰਨਤਾਰਨ ਨਿਵਾਸੀ ਕੁਲਵਿੰਦਰ ਸਿੰਘ ਵਜੋਂ ਹੋਈ ਹੈ। ਲਖਵਿੰਦਰ ਸਿੰਘ ਦੀ ਪਤਨੀ ਦੀ 7 ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਉਸ ਦਾ ਇਕ ਬੇਟਾ ਵੀ ਹੈ। ਲਖਵਿੰਦਰ ਨੇ ਦਸਿਆ ਕਿ 7 ਸਾਲ ਪਹਿਲਾਂ ਸਵੀਟੀ ਅਰੋੜਾ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ ‘ਚ ਆਈ ਸੀ ਅਤੇ ਸਵੀਟੀ ਇਕ ਸਾਲ ਤੋਂ ਲਗਾਤਾਰ ਉਸ ‘ਤੇ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ ਪਰ ਉਹ ਇਨਕਾਰ ਕਰ ਰਿਹਾ ਸੀ। ਫਿਰ ਇਕ ਦਿਨ ਸੋਚੀ ਸਮਝੀ ਯੋਜਨਾ ਤਹਿਤ ਉਹ ਅਪਣੇ ਚਚੇਰੇ ਭਰਾ ਕੁਲਵਿੰਦਰ ਨੂੰ ਮਿਲਿਆ ਅਤੇ ਸਵੀਟੀ ਦੇ ਉਪਰ ਕਾਰ ਚੜ੍ਹਾ ਕੇ ਉਸ ਦਾ ਕਤਲ ਕਰਵਾ ਦਿਤਾ ਤਾਂ ਜੋ ਪੁਲਿਸ ਜਾਂ ਕਿਸੇ ਨੂੰ ਸ਼ੱਕ ਨਾ ਹੋਵੇ।
ਮਾਮਲੇ ਦੀ ਜਾਂਚ ਕਰ ਰਹੇ ਐਸਐਚਓ ਨਰਦੇਵ ਸਿੰਘ ਅਤੇ ਬਲਦੇਵ ਸਿੰਘ ਨੇ ਦਸਿਆ ਕਿ ਹਾਦਸੇ ਤੋਂ ਬਾਅਦ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਹਿਲੀ ਨਜ਼ਰੇ ਪੁਲਿਸ ਨੂੰ ਇਹ ਹਾਦਸਾ ਨਜ਼ਰ ਨਹੀਂ ਆਇਆ, ਕਿਉਂਕਿ ਕਾਰ ਚਾਲਕ ਨੇ ਬਰੇਕ ਨਹੀਂ ਲਗਾਈ ਸੀ। ਘਟਨਾ ਮਗਰੋਂ ਉਸ ਨੇ ਬਾਹਰ ਆ ਕੇ ਸਵੀਟੀ ਦੀ ਨਬਜ਼ ਚੈੱਕ ਕੀਤੀ ਅਤੇ ਰੁਕਣ ਦੀ ਬਜਾਏ ਉਥੋਂ ਭੱਜ ਗਿਆ।
ਪੁਲਿਸ ਹੱਥ ਸੀਸੀਟੀਵੀ ਲੱਗਣ ਤੋਂ ਬਾਅਦ ਡਰਾਈਵਰ ਨੇ ਖੁਦ ਨੂੰ ਪੁਲਿਸ ਹਵਾਲੇ ਕਰ ਦਿਤਾ ਤਾਂ ਜੋ ਪੁਲਿਸ ਨੂੰ ਸ਼ੱਕ ਨਾ ਹੋ ਸਕੇ। ਡਰਾਈਵਰ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਲਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਬੁਲਾਇਆ। ਇਸ ਦੌਰਾਨ ਹਤਿਆ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ। ਪੁਲਿਸ ਨੇ ਦੋਵੇਂ ਚਚੇਰੇ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ।