ਪੰਜਾਬੀਆਂ ਨੂੰ ਮਿਲੇਗੀ ਇੱਕ ਹੋਰ ਸੁਗਾਤ ! ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਆਦਮਪੁਰ ਦਾ ਸਿਵਲ ਹਵਾਈ ਅੱਡਾ
ਆਦਮਪੁਰ, 4 ਜਨਵਰੀ (ਡੇਲੀ ਪੋਸਟ ਪੰਜਾਬੀ)- ਪੰਜਾਬੀਆਂ ਨੂੰ ਜਲਦ ਹੀ ਇੱਕ ਹੋਰ ਸੁਗਾਤ ਮਿਲਣ ਜਾ ਰਹੀ ਹੈ। ਬਹੁਤ ਸਮੇਂ ਤੋਂ ਉਡੀਕਿਆ ਜਾ ਰਿਹਾ ਆਦਮਪੁਰ ਸਿਵਲ ਹਵਾਈ ਅੱਡਾ ਅਗਲੇ ਮਹੀਨੇ ਤੱਕ ਚਾਲੂ ਹੋ ਜਾਵੇਗਾ। ਇਹ ਭਰੋਸਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਐੱਮ ਸਿੰਧੀਆ ਨੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੂੰ ਇਸ ਮੁੱਦੇ ‘ਤੇ ਹੋਈ ਮੀਟਿੰਗ ਦੌਰਾਨ ਦਿੱਤਾ।
ਇਸ ਸਬੰਧੀ MP ਸੁਸ਼ੀਲ ਰਿੰਕੂ ਨੇ ਦੱਸਿਆ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਆਦਮਪੁਰ ਹਵਾਈ ਅੱਡੇ ਦਾ ਸਿਵਲ ਟਰਮੀਨਲ ਯਾਤਰੀਆਂ ਦੀ ਮੇਜ਼ਬਾਨੀ ਲਈ ਤਿਆਰ ਹੈ ਤੇ ਏਅਰਲਾਈਨ ਕੰਪਨੀ ਸਪਾਈਸ ਜੈੱਟ ਸੇਵਾਵਾਂ ਸ਼ੁਰੂ ਕਰਨ ਲਈ ਤਿਆਰ ਹੈ। ਕੁਝ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਹਵਾਈ ਅੱਡਾ ਅਗਲੇ ਮਹੀਨੇ ਤੱਕ ਚਾਲੂ ਹੋ ਜਾਵੇਗਾ । ਲੋਕ ਸਭਾ ਮੈਂਬਰ ਨੇ ਕੇਂਦਰੀ ਮੰਤਰੀ ਨੂੰ ਇਸ ਹਵਾਈ ਅੱਡੇ ਤੋਂ ਫਲਾਈਟ ਸੇਵਾਵਾਂ ਤੁਰੰਤ ਬਹਾਲ ਕਰਨ ਦੀ ਬੇਨਤੀ ਕੀਤੀ ਸੀ ਕਿਉਂਕਿ ਇਹ ਦੁਆਬਾ ਖੇਤਰ, ਜਿਸ ਨੂੰ NRI ਹੱਬ ਵਜੋਂ ਵੀ ਜਾਣਿਆ ਜਾਂਦਾ ਹੈ, ਦੇ ਹਜ਼ਾਰਾਂ ਯਾਤਰੀਆਂ ਦੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਹਵਾਈ ਅੱਡੇ ਦੇ ਟਰਮੀਨਲ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਕੀਤਾ ਗਿਆ ਹੈ ।
ਦੱਸ ਦੇਈਏ ਕਿ ਇਹ ਹਵਾਈ ਅੱਡਾ ਕੁੱਲ 125 ਕਰੋੜ ਤੇ ਪ੍ਰਤੀ ਦਿਨ 300 ਯਾਤਰੀਆਂ ਦੀ ਸਿਖਰ ਸਮਰੱਥਾ ਵਾਲੇ ਯਾਤਰੀਆਂ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡਾ ਇਸ ਸਨਅਤੀ ਸ਼ਹਿਰ ਦੇ ਵਪਾਰੀ ਵਰਗ ਦੀਆਂ ਖਵਾਹਿਸ਼ਾਂ ਨੂੰ ਵੀ ਖੰਭ ਲਗਾਏਗਾ । ਇਸ ਲਈ ਆਦਮਪੁਰ ਹਵਾਈ ਅੱਡੇ ਤੋਂ ਫਲਾਈਟਾਂ ਨੂੰ ਜਲਦੀ ਮੁੜ ਚਾਲੂ ਕਰਨਾ ਸਮੇਂ ਦੀ ਲੋੜ ਸੀ । ਉਨ੍ਹਾਂ ਇਸ ਖੇਤਰ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪ੍ਰਵਾਸੀ ਭਾਰਤੀ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਸ ਸਿਵਲ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਵੀ ਚੁੱਕਿਆ ।