ਪੰਜਾਬੀਆਂ ਨੂੰ ਮਿਲੇ 76 ਨਵੇਂ ਮੁਹੱਲਾ ਕਲੀਨਿਕ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਉਦਘਾਟਨ
ਸੰਗਰੂਰ, 14 ਅਗਸਤ (ਰੋਜਾਨਾ ਸਪੋਕਸਮੈਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 76 ਨਵੇਂ ਮੁਹੱਲਾ ਕਲੀਨਿਕਾਂ ਦਾ ਉਦਾਘਟਨ ਸੰਗਰੂਰ ਵਿਚ ਕੀਤਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪੰਜਾਬ ਸਰਕਾਰ ਵੱਲੋਂ ਨਵੇਂ ਆਮ ਆਦਮੀ ਕਲੀਨਿਕਾਂ ਦਾ ਖੋਲ੍ਹੇ ਗਏ ਹਨ। ਅੱਜ 76 ਆਮ ਆਦਮੀ ਕਲੀਨਿਕਾਂ ਦੇ ਨਾਲ ਇਹਨਾਂ ਦੀ ਕੁੱਲ ਗਿਣਤੀ ਜਿਸ ਨਾਲ ਇਹ ਗਿਣਤੀ 659 ਹੋ ਗਈ ਹੈ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ 403 ਪਿੰਡਾਂ ਅਤੇ 180 ਸ਼ਹਿਰਾਂ ਵਿਚ 583 ਆਮ ਆਦਮੀ ਕਲੀਨਿਕ ਚੱਲ ਰਹੇ ਹਨ। ਹੁਣ ਤੱਕ 44 ਲੱਖ ਤੋਂ ਵੱਧ ਲੋਕ ਇਨ੍ਹਾਂ ਦਾ ਲਾਭ ਲੈ ਚੁੱਕੇ ਹਨ, ਜਦਕਿ 20 ਲੱਖ ਤੋਂ ਵੱਧ ਲੋਕ ਮੁਫਤ ਮੈਡੀਕਲ ਟੈਸਟ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ ਵਿਚ 38 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਅਤੇ 80 ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਕਲੀਨਿਕਾਂ ਤੋਂ 30 ਕਰੋੜ ਰੁਪਏ ਤੋਂ ਵੱਧ ਦੀਆਂ ਦਵਾਈਆਂ ਦਿੱਤੀਆਂ ਗਈਆਂ ਹਨ।
ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਵੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ”ਪਿਛਲੇ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਸੀਂ ਪੰਜਾਬ ‘ਚ 75 ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਸੀ ਜਿਸਦਾ ਅੰਕੜਾ ਸਾਲ ‘ਚ ਹੀ 583 ‘ਤੇ ਪਹੁੰਚ ਗਿਆ, ਜਿਸ ਦਾ ਫ਼ਾਇਦਾ ਹੁਣ ਤੱਕ ਲਗਭਗ 45 ਲੱਖ ਲੋਕ ਲੈ ਚੁੱਕੇ ਹਨ। ਹੁਣ ਅਸੀਂ ਆਜ਼ਾਦੀ ਦੇ 76 ਸਾਲ ਪੂਰੇ ਹੋਣ ਮੌਕੇ ਅੱਜ 76 ਹੋਰ ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ ਜਿਸ ਨਾਲ ਇਹ ਗਿਣਤੀ 659 ਹੋ ਜਾਵੇਗੀ। ਇਹ ਕਲੀਨਿਕ ਉਹਨਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਜੋ ਹੁਣ ਤੱਕ ਇਲਾਜ ਮਹਿੰਗਾ ਹੋਣ ਕਰਕੇ ਸਿਹਤ ਸਹੂਲਤਾਂ ਤੋਂ ਵਾਂਝੇ ਸੀ। ਸਾਡਾ ਖੁਆਬ, ਸਿਹਤਮੰਦ ਪੰਜਾਬ”