ਪੰਜਾਬੀ ਨੌਜਵਾਨਾਂ ਲਈ ਖਤਰਨਾਕ ਆਕਰਸ਼ਣ – ‘ਗੈਂਗਸਟਰ’
ਪੰਜਾਬ ਬਹੁਤ ਉਪਜਾਊ ਸੂਬਾ ਹੈ, ਤੁਸੀਂ ਜੋ ਵੀ ਬੀਜੋ ਪੈਦਾਵਾਰ ਬਹੁਤ ਹੁੰਦੀ ਹੈ। ਉਹ ਭਾਵੇਂ ਕੋਈ ਫਸਲ ਹੋਵੇ ਜਾਂ ਅੱਤਵਾਦ ਜਾਂ ਗੁੰਡਾਰਾਜ। ਆਪਣੇ ਪ੍ਰਾਂਤ ਦੇ ਲੋਕਾਂ ‘ਚ ਹਮੇਸ਼ਾ ਤੋਂ ਈ ਵਿਲੱਖਣਤਾ ਤੇ ਅਤਿ ਆਤਮਵਿਸ਼ਵਾਸ਼ ਹੈ। ਇੱਥੋਂ ਦੇ ਨੌਜਵਾਨ ਹਮੇਸ਼ਾ ਤੋਂ ਹੀ ਭਾਵੁਕ ਰਹੇ ਹਨ। ਪੰਜਾਬੀਆਂ ਨੂੰ ਵਿੱਚ-ਵਿਚਾਲੇ ਆਲ਼ਾ ਕੰਮ ਕਦੇ ਸਮਝ ਈ ਨਹੀਂ ਆਇਆ। ਇੱਥੇ ਹਰ ਚੀਜ਼ ਦਾ ਵੱਡਾ ਦੌਰ ਆਇਆ ਏ। ਕਦੇ ਧਰਮ ਦਾ, ਕਦੇ ਸਾਮਵਾਦ ਦਾ, ਕਦੇ ਅੰਦੋਲਨ ਦਾ, ਕਦੇ ਨਾਸਤਿਕਤਾ ਦਾ, ਕਦੇ ਵੱਖਵਾਦ ਦਾ ਪਰ ਪਿਛਲੇ ਕੁਝ ਕੁ ਸਾਲਾਂ ‘ਚ ਜਿਸ ਖਤਰਨਾਕ ਸਮਾਜਿਕ ਬੁਰਾਈ ਨੇ ਪੰਜਾਬੀ ਨੌਜਵਾਨ ਵਰਗ ਨੂੰ ਜਬਰਦਸਤ ਪ੍ਰਭਾਵਿਤ ਕੀਤਾ ਹੈ, ਉਹ ਹੈ ‘ਗੈਂਗਸਟਰ’। ਜਿੱਥੇ ਹੋਰ ਸੂਬਿਆਂ ‘ਚ ਗਰੀਬੀ ਤੇ ਭੁੱਖ ਜ਼ੁਰਮ ਪੈਦਾ ਕਰਦੀ ਏ ਪਰ ਸਾਡੇ ਇੱਥੇ ਜਿਆਦਾਤਰ ਚੰਗੇ ਰੱਜਵੇਂ ਘਰਾਂ ਦੇ ਨੌਜਵਾਨ, ਚੋਟੀ ਦੇ ਖਿਲਾੜੀ, ਸੋਹਣੇ ਗੱਭਰੂ ਜਵਾਨ, ਇਸ ਰਾਹ ਤੁਰ ਪਏ ਨੇ। ਨੌਜਵਾਨਾਂ ਨੂੰ ਵੱਡਾ ਭੁਲੇਖਾ ਹੈ ਕਿ ਜ਼ੁਰਮ ਦੀ ਦੁਨੀਆ ਰਾਹੀਂ ਉਹ ਛੇਤੀ ਹੀ ਵੱਡਾ ਨਾਮ ਬਣ ਜਾਣਗੇ। ਜਿੱਥੇ ਕਈ ਨੌਜਵਾਨਾਂ ਨੂੰ ਤਾਂ ਹਾਲਾਤਾਂ ਨੇ ਗੈਂਗਸਟਰ ਬਣਾ ਦਿੱਤਾ ਉਥੇ ਹੀ ਕਈਆਂ ਨੂੰ ਭੈੜੀ ਸੰਗਤ ਲੈ ਬੈਠੀ, ਤੇ ਕਈ ਚੱਕਲੋ-ਚੱਕਲੋ ਚ ਈ ਰੱਗੜੇ ਗਏ। ਸਾਡੇ ਸਭਨਾਂ ਵਿੱਚ ਫੁਕਰਾਪੰਥੀ ਤੇ ਸਸਤੀ ਮਸ਼ਹੂਰੀ ਦੀ ਲਾਲਸਾ ਵੀ ਧੁਰ ਅੰਦਰ ਤਕ ਵੱਸ ਚੁੱਕੀ ਏ। ਉਪਰੋਂ ਫਿਲਮਕਾਰਾਂ, ਗੀਤਕਾਰਾਂ ਤੇ ਗਾਇਕਾਂ ਨੇ ਇਸ ਸਭਿਆਚਾਰ ਨੂੰ ਰੱਜ ਕੇ ਪ੍ਰਮੋਟ ਕਰਦਿਆਂ ਆਪਣੇ ਘਰ ਤਾਂ ਭਰ ਲਏ ਪਰ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਚ ਕਸਰ ਨਹੀਂ ਛੱਡੀ। ਸਰਕਾਰ ਨੂੰ ਹਥਿਆਰਾਂ ਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਤੇ ਗੀਤਕਾਰ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਨਾਮ ਅਤੇ ਸ਼ੋਹਰਤ ਦੀ ਭੁੱਖ ਚ ਇਹ ਭਟਕੇ ਹੋਏ ਜਵਾਨ ਕਦੋਂ ਕੁੱਝ ਕੁ ਵਿਸ਼ੇਸ਼ ਲੋਕਾਂ ਦੀਆਂ ਕੱਠਪੁਤਲੀਆਂ ਬਣ ਜਾਂਦੇ ਨੇ, ਇੰਨਾਂ ਨੂੰ ਪਤਾ ਈ ਨ੍ਹੀਂ ਲੱਗਦਾ। ਕਈ ਵਾਰ ਤਾਂ ਇਹ ਕਠਪੁਤਲੀਆਂ, ਜਦੋਂ ਕੁਝ ਵਿਸ਼ੇਸ਼ ਲੋਕਾਂ ਲਈ ਖਤਰਾ ਬਣ ਜਾਂਦੀਆਂ ਨੇ ਤਾਂ ਇੰਨਾਂ ਨੂੰ ਆਪ ਈ ਝਟਕਾ ਦਿੱਤਾ ਜਾਂਦਾ ਏ। ਪੰਜਾਬ ਚ ਆਪਸੀ ਗੈਂਗਵਾਰ ਨੇ ਜਿੱਥੇ ਅਣਗਿਣਤ ਨੌਜਵਾਨਾਂ ਦੇ ਘਰ ਹਮੇਸ਼ਾ ਲਈ ਹਨੇਰਾ ਕਰ ਦਿੱਤਾ ਏ, ਉਥੇ ਹੀ ਕਿੰਨੇ ਹੀ ਪੁਲਸ ਮੁਲਾਜ਼ਮਾਂ ਨੂੰ ਵੀ ਸ਼ਹਾਦਤ ਦੇਣੀ ਪਈ ਏ। ਪਤਾ ਨਹੀਂ ਇਹ ਸਿਲਸਿਲੇਵਾਰ ਮੌਤਾਂ ਆਖਰ ਕਦ ਤੱਕ ਹੁੰਦੀਆਂ ਰਹਿਣਗੀਆਂ। ਸਾਨੂੰ ਸਾਰਿਆਂ ਨੂੰ ਅਤੇ ਪੂਰੇ ਸਿਸਟਮ ਨੂੰ ਰੱਲ੍ਹ ਕੇ ਹੰਭਲਾ ਮਾਰਨਾ ਪੈਣਾ ਏ। ਬੀਤੇ ਕੱਲ੍ਹ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਦੇ ਖਾਤਮੇ ਲਈ ਵਿਸ਼ੇਸ਼ ਟੀਮ ਦਾ ਗਠਨ ਕਰਨਾ ਵਧੀਆ ਫੈਸਲਾ ਏ ਪਰ ਸਰਕਾਰ ਨੂੰ ਤੇ ਸਾਨੂੰ ਸਭ ਨੂੰ ਮਿਲ ਕੇ ਇਸ ਤਰਾਂ ਦੇ ਹਾਲਾਤ ਪੈਦਾ ਕਰਨੇ ਪੈਣਗੇ ਕਿ ਨਾ ਤਾ ਕੋਈ ਨੌਜਵਾਨ ਗੈਂਗਸਟਰ ਬਣੇ ਤੇ ਨਾ ਹੀ ਉਸ ਦਾ ਵੀ ਦਰਦਨਾਕ ਅੰਤ ਹੋਵੇ। ਸਕੂਲਾਂ-ਕਾਲਜਾਂ ਵਿੱਚ ਨੌਜਵਾਨਾਂ ਦੀ ਵਾਧੂ ਊਰਜਾ ਦੇ ਪ੍ਰਯੋਗ ਲਈ ਤੇ ਉਹਨਾਂ ਦੀ ਕਲਾ ਤੇ ਹੁਨਰ ਦੇ ਪ੍ਰਗਟਾਵੇ ਲਈ ਵੱਖ-ਵੱਖ ਤਰਾਂ ਦੇ ਮੁਕਾਬਲੇ ਤੇ ਵੱਧ ਤੋਂ ਵੱਧ ਖੇਡਾਂ ਦੇ ਮੁਕਾਬਲੇ ਆਦਿ ਕਰਵਾਉਣ ਦੀ ਲਗਾਤਾਰ ਵਿਸ਼ੇਸ਼ ਲੋੜ ਹੁੰਦੀ ਹੈ। ਸਰਕਾਰ, ਅਧਿਆਪਕ ਵਰਗ ਤੇ ਮਾਪਿਆਂ ਨੂੰ ਤਾਂ ਖਾਸ ਧਿਆਨ ਰੱਖਣਾ ਹੀ ਪੈਣਾ ਏ ਪਰ ਸਭ ਤੋਂ ਜਰੂਰੀ ਰੋਲ ਤਾਂ ਨੌਜਵਾਨਾਂ ਨੂੰ ਹੀ ਨਿਭਾਉਣਾ ਪੈਣਾ ਏ। ਨੌਜਵਾਨ ਵਰਗ ਨੂੰ ਨੈਤਿਕਤਾ ਦਾ ਪਾਲਣ ਕਰਦੇ ਹੋਏ ਸਹੀ ਰਸਤਾ ਚੁਣਨਾ ਈ ਪੈਣਾ ਏ ਨਹੀਂ ਤਾਂ ਨਤੀਜੇ ਸਾਡੇ ਸਾਰਿਆਂ ਲਈ ਹੋਰ ਵੀ ਭਿਆਨਕ ਹੋਣਗੇ।
ਅਸ਼ੋਕ ਸੋਨੀ, ਕਾਲਮਨਵੀਸ
ਖੂਈ ਖੇੜਾ, ਫਾਜ਼ਿਲਕਾ
9872705078