ਪੰਜਾਬ ਅਗੇਂਸਟ ਡਰੱਗ ਅਡਿਕਸ਼ਨ ਕੰਪੇਨ ਦੀ ਸਮਾਪਤੀ
ਫਰੀਦਕੋਟ 2 ਨਵੰਬਰ (ਪੰਜਾਬ ਡਾਇਰੀ)- ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ ਨਵਜੋਤ ਕੌਰ ਦੀ ਰਹਿਨੁਮਾਈ ਹੇਠ ਸ਼੍ਰੀ ਅਜੀਤ ਪਾਲ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ—ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਵੱਖ ਵੱਖ ਅਦਾਰਿਆਂ ਦੇ ਸਹਿਯੋਗ ਨਾਲ ਮੁੱਖ ਦਫ਼ਤਰ ਦੇ ਮਨੋਰਥ ਦੀ ਪੂਰਤੀ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ।
ਇਸ ਮੌਕੇ ਜੱਜ ਸਾਹਿਬ ਨੇ ਮਾਡਰਨ ਸੈਂਟਰਲ ਜੇਲ੍ਹ ਫਰੀਦਕੋਟ ਵਿਖੇ ਹਵਾਲਾਤੀਆਂ/ਕੈਦੀਆਂ ਨਾਲ ਇਸ ਵਿਸ਼ੇਸ਼ ਮੁਹਿੰਮ ਪੰਜਾਬ ਅਗੇਂਸਟ ਡਰੱਗ ਅਡਿਕਸ਼ਨ ਤਹਿਤ ਡੀ ਅਡਿਕਸ਼ਨ ਸੈਂਟਰ ਕੇਂਦਰੀ ਜੇਲ੍ਹ ਫਰੀਦਕੋਟ ਵਿਖੇ ਨਸ਼ਿਆਂ ਸਬੰਧੀ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਇਆ ਗਿਆ । ਇਸ ਮੌਕੇ ਜੱਜ ਸਾਹਿਬ ਨੇ ਸਾਰੇ ਹਵਾਲਾਤੀਆਂ/ਕੈਦੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਸਾਰੇ ਬੰਦੀਆਂ ਨੂੰ ਨਸ਼ਾ ਛੱਡ ਕੇ ਜਾਂ ਜਿਹੜੇ ਬੰਦੀ ਨਸ਼ਾ ਨਹੀਂ ਕਰਦੇ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਨਸ਼ਾ ਨਾ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਨਸ਼ਾ ਜ਼ਿੰਦਗੀ ਦੀ ਬਰਬਾਦੀ ਦਾ ਦੂਸਰਾ ਨਾਂਅ ਹੈ । ਇਸ ਤੋਂ ਬਚ ਗਏ ਤਾਂ ਜ਼ਿੰਦਗੀ ਦੀ ਬਹੁਤ ਵੱਡੀ ਜੰਗ ਅਸੀਂ ਜਿੱਤ ਜਾਵਾਂਗੇ ।ਇਸ ਮੌਕੇ ਸ਼੍ਰੀ ਰਾਜੀਵ ਅਰੋੜਾ ਸੁਪਰਡੰਟ ਮਾਡਰਨ ਕੇਂਦਰੀ ਜੇਲ੍ਹ ਫਰੀਦਕੋਟ ਅਤੇ ਉਨ੍ਹਾਂ ਦਾ ਸਟਾਫ ਵੀ ਮੌਜੂਦ ਸੀ।
ਇਸ ਤੋਂ ਬਾਅਦ ਜੱਜ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਉਪਰੋਕਤ ਕੰਪੇਨ ਤਹਿਤ ਵਿਸ਼ੇਸ਼ ਸੈਮੀਨਾਰ ਲਗਾਇਆ ਇਸ ਮੌਕੇ ਵੀ ਜੱਜ ਸਾਹਿਬ ਨੇ ਇੱਥੇ ਮੌਜੂਦ ਨਸ਼ਾ ਗ੍ਰਸਤ ਵਿਅਕਤੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਇਸ ਨਸ਼ਾ ਛੁਡਾਊ ਕੇਂਦਰ ਤੋਂ ਜ਼ਿੰਦਗੀ ਵਿੱਚ ਨਸ਼ਾ ਮੁਕਤ ਹੋ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਬਾਰੇ ਸਾਖਰ ਕੀਤਾ ਗਿਆ । ਇਸ ਮੌਕੇ ਇਸ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਪੀ. ਡੀ. ਬਾਂਸਲ ਅਤੇ ਉਨ੍ਹਾਂ ਦਾ ਸਟਾਫ ਵੀ ਮੌਕੇ ਤੇ ਹਾਜ਼ਰ ਸਨ ।
ਇਸ ਤੋਂ ਬਾਅਦ ਜੱਜ ਸਾਹਿਬ ਨੇ ਅਬਜ਼ਰਵੇਸ਼ਨ ਹੋਮ ਫਰੀਦਕੋਟ ਵਿਖੇ ਦੌਰਾ ਕੀਤਾ ਅਤੇ ਇੱਥੇ ਵੀ ਉਪਰੋਕਤ ਕੰਪੇਨ ਤਹਿਤ ਵਿਸ਼ੇਸ਼ ਸੈਮੀਨਾਰ ਲਗਾਇਆ । ਇਸ ਵਿੱਚ ਜੱਜ ਸਾਹਿਬ ਇੱਥੇ ਮੌਜੂਦ ਜੁਵਿਨਾਇਲ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਜ਼ਿੰਦਗੀ ਵਿੱਚ ਕਦੇ ਵੀ ਨਸ਼ਿਆਂ ਦੇ ਰਾਹ ਨਾ ਪੈਣ ਦੀ ਸਲਾਹ ਦਿੱਤੀ । ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਨਸ਼ੇ ਕਿਸੇ ਵੀ ਸਮਾਜ ਦੀ ਬੁਨਿਆਦ ਨੂੰ ਹਿਲਾ ਸਕਦੇ ਹਨ ਜਿਸ ਦੇ ਨਤੀਜੇ ਬਹੁਤ ਖਤਰਨਾਕ ਹੋ ਸਕਦੇ ਹਨ। ਇਸ ਮੌਕੇ ਇਸ ਅਬਜ਼ਰਵੇਸ਼ਨ ਹੋਮ ਫਰੀਦਕੋਟ ਦੇ ਸੁਪਰਡੰਟ ਸ਼੍ਰੀ ਸੁਨੀਲ ਕੁਮਾਰ ਆਪਣੇ ਸਾਰੇ ਸਟਾਫ ਸਮੇਤ ਮੌਜੂਦ ਸਨ ।
ਇਸ ਮੌਕੇ ਜੱਜ ਸਾਹਿਬ ਨੇ ਇੱਥੇ ਮੌਜੂਦ ਜੁਵਿਨਾਇਲ ਬੱਚਿਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਸੁਪਰਡੰਟ ਸਾਹਿਬ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਬੱਚੇ ਨੂੰ ਇੱਥੇ ਰਹਿਣ ਵਿੱਚ ਕਾਨੂੰਨੀ ਅਨੁਸਾਰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣੀ ਚਾਹੀਦੀ । ਇੰਨਾ ਕਹਿੰਦਿਆਂ ਹੋਇਆਂ ਜੱਜ ਸਾਹਿਬ ਨੇ ਇੱਥੋਂ ਵਿਦਾਇਗੀ ਲਈ । ਇਸ ਦੇ ਨਾਲ ਨਾਲ ਜੱਜ ਸਾਹਿਬ ਰਾਹੀਂ ਜ਼ਿਲ੍ਹਾ ਫਰੀਦੋਕਟ ਦੇ 97 ਕਾਲਜਾਂ, ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਇਹ ਕੰਪੇਨ ਚਲਾਈ ਗਈ ਅਤੇ ਬੱਚਿਆਂ ਨੂੰ ਨਸ਼ਿਆਂ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਵਿਸ਼ੇ ਸਬੰਧੀ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੰਫਲੈਟਸ ਵੀ ਵੰਡੇ ਗਏ।