ਪੰਜਾਬ ‘ਚ ਅੱਜ ਹੋਏਗੀ ਬਾਰਸ਼! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ
ਚੰਡੀਗੜ੍ਹ, 2 ਅਗਸਤ (ਏਬੀਪੀ ਸਾਂਝਾ)- ਪੰਜਾਬ ਵਿੱਚ ਅੱਜ ਬਾਰਸ਼ ਹੋਏਗੀ। ਮੌਸਮ ਵਿਭਾਗ ਨੇ ਅੱਜ ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਮੀਂਹ ਪੈਣ ਦੀ ਸੂਰਤ ਵਿੱਚ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ ਭਲਕੇ ਯਾਨੀ ਵੀਰਵਾਰ ਨੂੰ ਵੀ ਪੱਛਮੀ ਮਾਲਵਾ ਖੇਤਰ ਜਿਸ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਸਾਹਿਬ, ਮੋਗਾ ਤੇ ਬਠਿੰਡਾ ਸ਼ਾਮਲ ਹਨ, ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ ਪੱਛਮੀ ਮਾਲਵੇ ਨੂੰ ਛੱਡ ਕੇ ਬਾਕੀ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਨਮੀ 90 ਫੀਸਦੀ ਤੱਕ ਰਹਿਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਭਾਵੇਂ ਅੱਜ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ ਪਰ ਵਾਯੂਮੰਡਲ ਵਿੱਚ ਨਮੀ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਤਾਪਮਾਨ 40 ਤੋਂ 41 ਡਿਗਰੀ ਤੱਕ ਮਹਿਸੂਸ ਹੋਵੇਗਾ। ਪੰਜਾਬ ਦੀ ਹਵਾ ਵਿੱਚ ਅੱਜ ਪ੍ਰਦੂਸ਼ਣ ਦਾ ਪੱਧਰ ਵੀ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ‘ਤੇ 80 ਦੇ ਨੇੜੇ ਹੈ।