ਪੰਜਾਬ ‘ਚ ਬੰਦ ਰਹਿਣਗੀਆਂ Driving Licence ਤੇ RC ਨਾਲ ਸਬੰਧਤ ਸੇਵਾਵਾਂ! ਹੋਣ ਜਾ ਰਿਹੈ ਬਦਲਾਅ
ਚੰਡੀਗੜ੍ਹ, 14 ਜੂਨ (ਨਿਊਜ 18)- ਅੱਜ ਤੋਂ ਭਾਵ ਸ਼ੁੱਕਰਵਾਰ ਤੋਂ ਅਗਲੇ 5 ਦਿਨਾਂ ਤੱਕ ਟ੍ਰਾਂਸਪੋਰਟ ਡਿਪਾਰਟਮੈਂਟ ‘ਚ ਵਾਹਨਾਂ ਅਤੇ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਕੰਮ ਨਹੀਂ ਹੋਣਗੇ। ਇਸ ਦੌਰਾਨ ਬਿਨੈਕਾਰਾਂ ਨੂੰ ਅਗਲੇ 5 ਦਿਨ ਤੱਕ ਆਰ. ਟੀ. ਓ. ਦਫਤਰ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਅਸਲ ‘ਚ ਟ੍ਰਾਂਸਪੋਰਟ ਡਿਪਾਰਟਮੈਂਟ ਵਾਹਨ ਅਤੇ ਸਾਰਥੀ ਪੋਰਟਲ ‘ਤੇ ਆਨਲਾਈਨ ਪੇਮੈਂਟ ਦੇ ਗੇਟਵੇ ‘ਚ ਬਦਲਾਅ ਕਰ ਰਹੇ ਹਨ। ਇਸ ਪ੍ਰਕਿਰਿਆ ‘ਚ ਟ੍ਰਾਂਸਪੋਰਟ ਡਿਪਾਰਟਮੈਂਟ ਨੂੰ 5 ਦਿਨ ਦਾ ਸਮਾਂ ਲੱਗੇਗਾ। ਡਿਪਾਰਟਮੈਂਟ ਨੇ ਬਾਕਾਇਦਾ ਆਪਣੀ ਵੈੱਬਸਾਈਟ ‘ਤੇ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਟ੍ਰਾਂਸਪੋਰਟ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਕਿ 14 ਤੋਂ 18 ਜੂਨ ਤੱਕ ਜਿਨ੍ਹਾਂ ਦਸਤਾਵੇਜ਼ਾਂ ਦੀ ਵੈਲੀਡਿਟੀ ਖ਼ਤਮ ਹੋ ਰਹੀ ਹੈ, ਉਹ 19 ਜੂਨ ਤੱਕ ਵੈਲਿਡ ਮੰਨੇ ਜਾਣਗੇ।
ਕੋਈ ਸਲਾਟ ਬੁਕ ਨਹੀਂ ਕਰ ਸਕੇਗਾ ਵਿਭਾਗ
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਆਨਲਾਈਨ ਪੇਮੈਂਟ ਦਾ ਗੇਟਵੇ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਵਿੱਤ ਵਿਭਾਗ ਨੇ ਆਨਲਾਈਨ ਪੇਮੈਂਟ ਦਾ ਗੇਟਵੇ ਆਈ. ਐੱਫ. ਐੱਮ. ਐੱਸ.-ਪੰਜਾਬ ਤੋਂ ਕਲਾਡ ਟੂ ਡਾਟਾ ਸੈਂਟਰ ਪੰਜਾਬ ‘ਚ ਸ਼ਿਫਟ ਕਰਨ ਲਈ ਕਿਹਾ ਸੀ ਪਰ ਡਿਪਾਰਟਮੈਂਟ ਨੇ ਇਸ ਨੂੰ ਸ਼ਿਫਟ ਨਹੀਂ ਕੀਤਾ ਸੀ। ਵਿੱਤ ਵਿਭਾਗ ਦੀ ਸਖ਼ਤੀ ਤੋਂ ਬਾਅਦ ਡਿਪਾਰਟਮੈਂਟ ਨੇ ਹੁਣ ਆਨਲਾਈਨ ਪੇਮੈਂਟ ਗੇਟਵੇ ਨੂੰ ਸ਼ਿਫਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਿਫਟਿੰਗ ਦੌਰਾਨ ਵਿਭਾਗ ਨੇ 14 ਜੂਨ ਸ਼ਾਮ 6.30 ਤੋਂ 18 ਜੂਨ ਸ਼ਾਮ 7 ਵਜੇ ਤੱਕ ਵਾਹਨ ਅਤੇ ਸਾਰਥੀ ਪੋਰਟਲ ਬੰਦ ਰੱਖਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਡਰਾਈਵਿੰਗ ਲਾਇਸੈਂਸ ਅਤੇ ਵਾਹਨਾਂ ਦੀ ਆਰ. ਸੀ. ਨਾਲ ਸਬੰਧਤ ਕੋਈ ਵੀ ਕੰਮ ਨਹੀਂ ਹੋਣਗੇ। ਇਹੀ ਨਹੀਂ, ਇਸ ਦੌਰਾਨ ਕੋਈ ਸਲਾਟ ਬੁਕ ਵੀ ਨਹੀਂ ਕਰ ਸਕੇਗਾ।
ਇਸ ਸਬੰਧੀ ਏ. ਟੀ. ਓ. ਅਭਿਸ਼ੇਕ ਬਾਂਸਲ ਨੇ ਦੱਸਿਆ ਕਿ ਇਸ ਸਬੰਧੀ ਹੈੱਡ ਆਫਿਸ ਤੋਂ ਈ-ਮੇਲ ਆਈ ਹੈ। ਇਸ ਕਾਰਨ 5 ਦਿਨ ਤੱਕ ਕੰਮ-ਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਉਨ੍ਹਾਂ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਕਿ ਉਹ 18 ਜੂਨ ਤੋਂ ਬਾਅਦ ਹੀ ਕੰਮ ਕਰਵਾਉਣ ਲਈ ਆਰ. ਟੀ. ਓ. ਦਫਤਰ ਆਉਣ, ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਨਾ ਹੋਵੇ।