ਪੰਜਾਬ ‘ਚ 1515 ਥਾਵਾਂ ‘ਤੇ ਸਾੜੀ ਗਈ ਪਰਾਲੀ, ਸੰਗਰੂਰ ‘ਚ ਸਭ ਤੋਂ ਵੱਧ 3604 ਮਾਮਲੇ ਆਏ ਸਾਹਮਣੇ
ਚੰਡੀਗੜ੍ਹ, 8 ਨਵੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ 1515 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਪਰਾਲੀ ਸਾੜਨ ਦੀਆਂ 20978 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਸੰਗਰੂਰ ਵਿੱਚ ਪਰਾਲੀ ਸਾੜਨ ਦੇ 3604 ਮਾਮਲੇ ਸਾਹਮਣੇ ਆ ਚੁੱਕੇ ਹਨ। ਸੰਗਰੂਰ ਵਿੱਚ ਮੰਗਲਵਾਰ ਨੂੰ ਵੀ ਸਭ ਤੋਂ ਵੱਧ 397 ਮਾਮਲੇ ਸਾਹਮਣੇ ਆਏ।
ਇਸ ਤੋਂ ਇਲਾਵਾ ਬਰਨਾਲਾ ‘ਚ 147, ਬਠਿੰਡਾ ‘ਚ 129, ਮਾਨਸਾ ‘ਚ 137, ਮੋਗਾ ‘ਚ 97, ਪਟਿਆਲਾ ‘ਚ 68, ਫਰੀਦਕੋਟ ‘ਚ 69, ਫ਼ਿਰੋਜ਼ਪੁਰ ‘ਚ 97 ਮਾਮਲੇ ਸਾਹਮਣੇ ਆਏ ਹਨ। ਪਰਾਲੀ ਸਾੜਨ ਕਾਰਨ ਮੰਗਲਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (AQI) ਮਾੜੀ ਸ਼੍ਰੇਣੀ ਵਿੱਚ ਰਿਹਾ। ਖਾਸ ਤੌਰ ‘ਤੇ ਬਠਿੰਡਾ ਦਾ AQI 343, ਮੰਡੀ ਗੋਬਿੰਦਗੜ੍ਹ ਦਾ 299, ਜਲੰਧਰ ਦਾ 252, ਪਟਿਆਲਾ ਦਾ 250, ਲੁਧਿਆਣਾ ਦਾ 239, ਖੰਨਾ ਦਾ 203, ਅੰਮ੍ਰਿਤਸਰ ਦਾ 205 ਸੀ।
ਹਾਲਾਂਕਿ, ਸਾਲ 2021 ਵਿੱਚ, 7 ਨਵੰਬਰ ਦੇ ਇੱਕ ਹੀ ਦਿਨ ਪਰਾਲੀ ਸਾੜਨ ਦੇ 5199 ਮਾਮਲੇ ਸਾਹਮਣੇ ਆਏ ਸਨ ਅਤੇ 2022 ਵਿੱਚ, 2487 ਮਾਮਲੇ ਸਾਹਮਣੇ ਆਏ ਸਨ। ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 20978 ਹੋ ਗਈ ਹੈ। ਇਸ ਦੇ ਨਾਲ ਹੀ ਜੇਕਰ ਸਾਲ 2021 ਦੀ ਗੱਲ ਕਰੀਏ ਤਾਂ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 37933 ਮਾਮਲੇ ਸਾਹਮਣੇ ਆਏ ਹਨ ਅਤੇ ਸਾਲ 2022 ਵਿੱਚ 32734 ਮਾਮਲੇ ਸਾਹਮਣੇ ਆਏ ਹਨ।